ਧੀ ਦੇ ਵਿਆਹ ਲਈ ਬੈਂਕ ‘ਚ ਰੱਖੇ ਲੱਖਾਂ ਰੁ : ਨੂੰ ਲੱਗੀ ਸਿਓਂਕ

ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇਕ ਗਾਹਕ ਨੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਰੱਖਣ ਵਾਲੇ ਬੈਂਕ ਦੇ ਲਾਕਰ ਵਿਚ 18 ਲੱਖ ਰੁਪਏ ਨਕਦੀ ਰੱਖੀ ਹੋਈ ਸੀ, ਜਿਸ ‘ਤੇ ਸਿਓਂਕ ਨੇ ਹਮਲਾ ਕਰ ਦਿੱਤਾ ਅਤੇ ਸਾਰੇ 18 ਲੱਖ ਰੁਪਏ ਮਿੱਟੀ ਹੋ ਗਏ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਲਾਕਰ ਧਾਰਕ ਔਰਤ ਇਸ ਨੂੰ ਰੀਨਿਊ ਕਰਵਾਉਣ ਲਈ ਬੈਂਕ ਗਈ। ਜਦੋਂ ਉਸ ਨੇ ਉੱਥੇ ਜਾ ਕੇ ਲਾਕਰ ਖੋਲ੍ਹਿਆ ਤਾਂ ਦੇਖਿਆ ਕਿ 18 ਲੱਖ ਰੁਪਏ ਦੇ ਸਾਰੇ ਨੋਟ ਸਿਓਂਕ ਖਾ ਚੁੱਕੀ ਹੈ, ਜਿਸ ਤੋਂ ਬਾਅਦ ਔਰਤ ਦੇ ਹੋਸ਼ ਉੱਡ ਗਏ। ਲਾਕਰ ਹੋਲਡਰ ਔਰਤ ਨੇ ਇਸ ਦੀ ਸ਼ਿਕਾਇਤ ਬ੍ਰਾਂਚ ਮੈਨੇਜਰ ਨੂੰ ਕੀਤੀ, ਜਿਸ ਤੋਂ ਬਾਅਦ ਬੈਂਕ ‘ਚ ਹੜਕੰਪ ਮਚ ਗਿਆ ਅਤੇ ਬੈਂਕ ਵੱਲੋਂ ਇਸ ਗੰਭੀਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਰਅਸਲ ਮੁਰਾਦਾਬਾਦ ‘ਚ ਆਸ਼ਿਆਨਾ ਨਿਵਾਸੀ ਅਲਕਾ ਪਾਠਕ ਨੇ ਆਪਣੀ ਛੋਟੀ ਧੀ ਦੇ ਵਿਆਹ ਲਈ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਬੈਂਕ ਆਫ ਬੜੌਦਾ ਦੀ ਰਾਮਗੰਗਾ ਵਿਹਾਰ ਸ਼ਾਖਾ ਦੇ ਲਾਕਰ ‘ਚ ਗਹਿਣੇ ਅਤੇ 18 ਲੱਖ ਰੁਪਏ ਰੱਖੇ ਸਨ। ਬੈਂਕ ਸਟਾਫ ਨੇ ਅਲਕਾ ਨੂੰ ਐਗਰੀਮੈਂਟ ਰੀਨਿਊ ਕਰਨ ਅਤੇ ਕੇ.ਵਾਈ.ਸੀ. ਲਈ ਬੁਲਾਇਆ ਸੀ। ਸੋਮਵਾਰ ਨੂੰ ਜਦੋਂ ਅਲਕਾ ਪਾਠਕ ਬੈਂਕ ਪਹੁੰਚ ਕੇ ਲਾਕਰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਸਿਓਂਕ ਨੇ ਉਸ ਦੇ ਸਾਰੇ ਨੋਟ ਖਾ ਲਏ ਸਨ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਸੂਚਨਾ ਬੈਂਕ ਨੂੰ ਦਿੱਤੀ ਗਈ। ਲਾਕਰ ਵਿਚ ਤਕਰੀਬਨ 18 ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਰੱਖੇ ਹੋਏ ਸਨ।

ਅਲਕਾ ਪਾਠਕ ਦਾ ਕਹਿਣਾ ਹੈ ਕਿ ਪਿਛਲੇ ਸਾਲ ਜਦੋਂ ਉਸ ਦੀ ਵੱਡੀ ਧੀ ਦਾ ਵਿਆਹ ਹੋਇਆ ਸੀ ਤਾਂ ਉਸ ਨੇ ਮਹਿਮਾਨਾਂ ਤੋਂ ਸ਼ਗਨ ਵਜੋਂ ਪੈਸੇ ਮਿਲੇ ਸਨ, ਜਿਸ ਨੂੰ ਉਸ ਨੇ ਇਸ ਲਾਕਰ ਵਿਚ ਰੱਖਿਆ ਸੀ। ਇਸ ਦੇ ਨਾਲ ਹੀ ਛੋਟਾ-ਮੋਟਾ ਕਾਰੋਬਾਰ ਚਲਾ ਕੇ ਅਤੇ ਟਿਊਸ਼ਨ ਪੜ੍ਹਾ ਕੇ ਕੁਝ ਪੂੰਜੀ ਇਕੱਠੀ ਕਰ ਲਈ ਸੀ। ਸਾਰੇ ਪੈਸੇ ਇਕੱਠੇ ਕਰ ਕੇ ਉਸ ਨੇ ਆਪਣੀ ਦੂਜੀ ਧੀ ਦੇ ਵਿਆਹ ਲਈ 18 ਲੱਖ ਰੁਪਏ ਅਤੇ ਕੁਝ ਗਹਿਣੇ ਇਕ ਬੈਗ ਵਿਚ ਰੱਖ ਕੇ ਅਕਤੂਬਰ 2022 ਵਿਚ ਬੈਂਕ ਲਾਕਰ ਵਿਚ ਜਮ੍ਹਾ ਕਰਵਾ ਦਿੱਤੇ ਸਨ।

ਖਾਤਾਧਾਰਕ ਅਲਕਾ ਪਾਠਕ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਪਹਿਲਾਂ ਪਤਾ ਨਹੀਂ ਸੀ, ਨਾ ਹੀ ਉਸ ਨੇ ਕਿਤੇ ਪੜ੍ਹਿਆ ਸੀ ਕਿ ਪੈਸੇ ਨੂੰ ਲਾਕਰ ਵਿਚ ਨਹੀਂ ਰੱਖਿਆ ਜਾ ਸਕਦਾ। ਉਸ ਨੇ ਆਪ ਹੀ 18 ਲੱਖ ਰੁਪਏ ਗਹਿਣਿਆਂ ਸਮੇਤ ਲਾਕਰ ਵਿਚ ਰੱਖੇ ਹੋਏ ਸਨ। ਹੁਣ ਜਦੋਂ ਉਸ ਨੂੰ ਸੋਮਵਾਰ ਨੂੰ ਕੇ.ਵਾਈ.ਸੀ. ਕਰਨ ਲਈ ਬੁਲਾਇਆ ਗਿਆ ਤਾਂ ਉਸ ਨੇ ਲਾਕਰ ਖੋਲ੍ਹਿਆ ਤਾਂ ਦੇਖਿਆ ਕਿ ਜਮ੍ਹਾਂ ਹੋਏ ਪੈਸੇ ਸਿਓਂਕ ਖਾ ਗਈ ਹੈ। ਬੈਂਕ ਦੇ ਬ੍ਰਾਂਚ ਮੈਨੇਜਰ ਨੇ ਮਹਿਲਾ ਗਾਹਕ ਨੂੰ ਦੱਸਿਆ ਕਿ ਉਸ ਨੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜ ਦਿੱਤੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Add a Comment

Your email address will not be published. Required fields are marked *