ਅਮਰੀਕਾ: ਸਿੱਖ ਪੁਲੀਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸਜ਼ਾ-ਏ-ਮੌਤ

ਹਿਊਸਟਨ, 27 ਅਕਤੂਬਰ– ਅਮਰੀਕਾ ਦੇ ਟੈਕਸਸ ’ਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ (42) ਦੀ ਹੱਤਿਆ ਦੇ ਦੋਸ਼ੀ ਰੌਬਰਟ ਸੋਲਿਸ ਨੂੰ ਸ਼ਜਾ-ਏ-ਮੌਤ ਸੁਣਾਈ ਗਈ ਹੈ। ਧਾਲੀਵਾਲ ਨੂੰ 27 ਸਤੰਬਰ, 2019 ’ਚ ਇਕ ਨਾਕੇ ਦੌਰਾਨ ਸੋਲਿਸ ਨੇ ਗੋਲੀਆਂ ਮਾਰ ਦਿੱਤੀਆਂ ਸਨ। ਨਾਗਰਿਕਾਂ ’ਤੇ ਆਧਾਰਿਤ ਜਿਊਰੀ ਨੇ ਜਦੋਂ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਉਸ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਮੌਤ ਦੀ ਸਜ਼ਾ ਦੀ ਸਿਫ਼ਾਰਿਸ਼ ਕਰਨ ਤੋਂ ਪਹਿਲਾਂ ਜਿਊਰੀ ਮੈਂਬਰਾਂ ਨੇ ਸਿਰਫ਼ 35 ਮਿੰਟ ਤੱਕ ਵਿਚਾਰ ਵਟਾਂਦਰਾ ਕੀਤਾ। ਹੈਰਿਸ ਕਾਊਂਟੀ ਦੇ ਸ਼ੈਰਿਫ਼ ਐੱਡ ਗੌਂਜ਼ਾਲੇਜ਼ ਨੇ ਟਵਿੱਟਰ ’ਤੇ ਜਿਊਰੀ ਮੈਂਬਰਾਂ ਵੱਲੋਂ ਸੁਣਾਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ,‘‘ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਧਾਲੀਵਾਲ ਨੂੰ ਇਨਸਾਫ਼ ਮਿਲ ਗਿਆ ਹੈ।’’ ਸੋਲਿਸ (50) ਨੂੰ ਹਿਊਸਟਨ ਦੀ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਨੇ ਧਾਲੀਵਾਲ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ। ਧਾਲੀਵਾਲ ਉਸ ਸਮੇਂ ਸੁਰਖੀਆਂ ’ਚ ਆਇਆ ਸੀ ਜਦੋਂ ਉਨ੍ਹਾਂ ਨੂੰ ਨੌਕਰੀ ਦੌਰਾਨ ਦਾੜ੍ਹੀ ਰੱਖਣ ਅਤੇ ਦਸਤਾਰ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮੀ ਹਿਊਸਟਨ ’ਚ ਇਕ ਟਰੈਫਿਕ ਸਿਗਨਲ ’ਤੇ ਸੋਲਿਸ ਨੇ ਗੋਲੀ ਮਾਰ ਕੇ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। ਸੰਦੀਪ ਸਿੰਘ ਧਾਲੀਵਾਲ ਨੇ ਸੋਲਿਸ ਨੂੰ ਇਕ ਰਿਹਾਇਸ਼ੀ ਇਲਾਕੇ ’ਚ ਰੋਕਿਆ ਸੀ ਅਤੇ ਜਦੋਂ ਉਹ ਆਪਣੀ ਪੈਟਰੋਲਿੰਗ ਕਾਰ ਵੱਲ ਵਧ ਰਿਹਾ ਸਨ ਤਾਂ ਉਸ ਨੂੰ ਪਿੱਛਿਉਂ ਗੋਲੀਆਂ ਮਾਰੀਆਂ ਗਈਆਂ ਸਨ। ਜਿਊਰੀ ਮੈਂਬਰਾਂ ਨੇ 65 ਗਵਾਹਾਂ ਨੂੰ ਸੁਣਿਆ। ਸੁਣਵਾਈ ਦੌਰਾਨ ਸੋਲਿਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਸ ਤੋਂ ਗਲਤੀ ਨਾਲ ਗੋਲੀ ਚੱਲੀ ਸੀ ਜੋ ਧਾਲੀਵਾਲ ਨੂੰ ਲੱਗ ਗਈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਸੋਲਿਸ ਨੇ ਜਾਣਬੁੱਝ ਕੇ ਧਾਲੀਵਾਲ ਨੂੰ ਗੋਲੀ ਮਾਰੀ ਸੀ। ਧਾਲੀਵਾਲ ਦੀ ਵੱਡੀ ਭੈਣ ਹਰਪ੍ਰੀਤ ਰਾਏ ਨੇ ਕਿਹਾ,‘‘ਕਾਸ਼ ਇਸ ਸਮੇਂ ਧਾਲੀਵਾਲ ਸਾਡੇ ਨਾਲ ਹੁੰਦਾ। ਅੱਜ ਕਿੰਨੇ ਲੋਕਾਂ ਨੂੰ ਇਨਸਾਫ਼ ਮਿਲਦਾ ਹੈ?’’ ਸ਼ੈਰਿਫ਼ ਗੌਂਜ਼ਾਲੇਜ਼ ਨੇ ਕਿਹਾ,‘‘ਸਾਨੂੰ ਸਾਰਿਆਂ ਨੂੰ ਧਾਲੀਵਾਲ ਬਣਨ ਦੀ ਖਾਹਸ਼ ਰੱਖਣੀ ਚਾਹੀਦੀ ਹੈ। ਉਨ੍ਹਾਂ ਅਜਿਹੀ ਵਿਰਾਸਤ ਛੱਡੀ ਹੈ। ਉਹ ਇਕ ਮਾਨਵਤਾਵਾਦੀ ਸਨ ਜਿਨ੍ਹਾਂ ਆਪਣੇ ਕੰਮ ਦੌਰਾਨ ਕਈ ਲੋਕਾਂ ਦੀ ਸਹਾਇਤਾ ਕੀਤੀ।’’ ਧਾਲੀਵਾਲ ਦੇ ਨਾਮ ’ਤੇ ਇਕ ਡਾਕਖਾਨੇ ਅਤੇ ਇਕ ਸੜਕ ਦਾ ਨਾਮ ਵੀ ਰੱਖਿਆ ਗਿਆ ਹੈ।

Add a Comment

Your email address will not be published. Required fields are marked *