ਮਿਆਂਮਾਰ ਫੌਜ ਦੇ ਹਵਾਈ ਹਮਲੇ ‘ਚ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ

ਮਿਆਂਮਾਰ ਦੀ ਫੌਜ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਹਵਾਈ ਹਮਲੇ ‘ਚ ਕਈ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ANI ਦੇ ਮੁਤਾਬਕ ਇਹ ਲੋਕ ਫੌਜੀ ਸ਼ਾਸਨ ਦੇ ਖ਼ਿਲਾਫ਼ ਆਯੋਜਿਤ ਇਕ ਸਮਾਰੋਹ ‘ਚ ਸ਼ਾਮਲ ਹੋਣ ਲਈ ਗਏ ਸਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਨੇ ਮਿਆਂਮਾਰ ‘ਚ ਹੋਏ ਘਾਤਕ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਫੌਜ ਨੇ ਫਰਵਰੀ 2021 ‘ਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਉਦੋਂ ਤੋਂ ਫੌਜ ਉਸ ਦੇ ਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਲਗਾਤਾਰ ਹਵਾਈ ਹਮਲੇ ਕਰਦੀ ਆ ਰਹੀ ਹੈ।

ਤਖਤਾਪਲਟ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ 3,000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਹੈ। ਖ਼ਬਰਾਂ ਮੁਤਾਬਕ ਇਕ ਲੜਾਕੂ ਜਹਾਜ਼ ਨੇ ਸਵੇਰੇ 8 ਵਜੇ ਸਾਗਿੰਗ ਖੇਤਰ ਦੇ ਕਾਨਾਬਾਲੂ ਟਾਊਨਸ਼ਿਪ ਵਿੱਚ ਪਜੀਗੀ ਪਿੰਡ ਦੇ ਬਾਹਰ ਦੇਸ਼ ਦੇ ਵਿਰੋਧੀ ਸਮੂਹ ਦੇ ਇਕ ਸਥਾਨਕ ਦਫ਼ਤਰ ਦੇ ਉਦਘਾਟਨ ਲਈ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਬੰਬ ਨਾਲ ਉਡਾ ਦਿੱਤਾ। ਇਹ ਖੇਤਰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਲਗਭਗ 110 ਕਿਲੋਮੀਟਰ ਉੱਤਰ ਵੱਲ ਹੈ।

ਚਸ਼ਮਦੀਦਾਂ ਦੇ ਦੱਸਣ ਮੁਤਾਬਕ, “ਗੋਲ਼ਾਬਾਰੀ ਵਿੱਚ ਸਮੂਹ ਦਾ ਦਫ਼ਤਰ ਤਬਾਹ ਹੋ ਗਿਆ। ਇਸ ਘਟਨਾ ‘ਚ ਕਰੀਬ 30 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਾਹਰ ਕੱਢਦੇ ਸਮੇਂ ਹੈਲੀਕਾਪਟਰ ‘ਤੇ ਗੋਲ਼ਾਬਾਰੀ ਕੀਤੀ ਗਈ।” ਉਨ੍ਹਾਂ ਕਿਹਾ ਕਿ ਉਦਘਾਟਨ ਸਮਾਰੋਹ ਲਈ ਲਗਭਗ 150 ਲੋਕ ਇਕੱਠੇ ਹੋਏ ਸਨ ਅਤੇ ਮਰਨ ਵਾਲਿਆਂ ‘ਚ ਔਰਤਾਂ ਤੇ 20-30 ਬੱਚੇ ਸ਼ਾਮਲ ਸਨ। ਉਨ੍ਹਾਂ ਇਹ ਵੀ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਸਰਕਾਰ ਵਿਰੋਧੀ ਹਥਿਆਰਬੰਦ ਸਮੂਹਾਂ ਅਤੇ ਹੋਰ ਵਿਰੋਧੀ ਸੰਗਠਨਾਂ ਦੇ ਆਗੂ ਸ਼ਾਮਲ ਹਨ। ਵਿਰੋਧੀ ਸਮੂਹ ਨੈਸ਼ਨਲ ਯੂਨਿਟੀ ਗਵਰਨਮੈਂਟ (ਐੱਨ.ਯੂ.ਜੀ.) ਨੇ ਇਕ ਬਿਆਨ ‘ਚ ਕਿਹਾ, ”ਅੱਤਵਾਦੀ ਫੌਜ ਦੀ ਇਹ ਘਿਨਾਉਣੀ ਕਾਰਵਾਈ ਬੇਕਸੂਰ ਨਾਗਰਿਕਾਂ ਖ਼ਿਲਾਫ਼ ਉਨ੍ਹਾਂ ਦੀ ਅੰਨ੍ਹੇਵਾਹ ਤਾਕਤ ਦੀ ਵਰਤੋਂ ਦੀ ਇਕ ਹੋਰ ਮਿਸਾਲ ਹੈ।” ਮੰਗਲਵਾਰ ਨੂੰ ਖੋਲ੍ਹਿਆ ਜਾ ਰਿਹਾ ਗਰੁੱਪ ਦਾ ਦਫ਼ਤਰ ਇਸ ਦੇ ਪ੍ਰਸ਼ਾਸਨਿਕ ਨੈੱਟਵਰਕ ਦਾ ਹਿੱਸਾ ਸੀ।

Add a Comment

Your email address will not be published. Required fields are marked *