ਮਾਲਵੇ ‘ਚ ਬਣਨ ਵਾਲੇ ਸੱਚਾ ਸੌਦਾ ਦੇ ਡੇਰੇ ਨੂੰ ਲੈ ਕੇ ਭੜਕੇ ਅੰਮ੍ਰਿਤਪਾਲ ਸਿੰਘ

ਬੁਢਲਾਡਾ : ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਡੇਰਾਵਾਦ ਨੂੰ ਉਕਸਾ ਰਹੀਆਂ ਹਨ। ਅੱਜ ਲੋੜ ਹੈ ਪੰਜਾਬ ਦੀ ਗੁਲਾਮੀ ਨੂੰ ਦੂਰ ਕਰਨ ਦੀ। ਇਹ ਸ਼ਬਦ ਅੱਜ ਪਿੰਡ ਬੱਛੋਆਣਾ ਵਿਖੇ ਇੱਕ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਕਹੇ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਦੇ ਮਾਲਵਾ ਖੇਤਰ ਦੇ ਸੁਨਾਮ ‘ਚ ਪ੍ਰਮੁੱਖ ਡੇਰਾ ਖੋਲ੍ਹਣ ਦੇ ਐਲਾਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਿੱਖ ਡੇਰਾ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਡੇਰਾਵਾਦ ਨੂੰ ਉਕਸਾਉਣਾ ਸਿੱਧੇ ਤੌਰ ‘ਤੇ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਆਓ ਅਸੀਂ ਬਾਣੀ ਅਤੇ ਬਾਣੇ ਨਾਲ ਜੁੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੀਏ ਅਤੇ ਨੌਜਵਾਨ ਪਤਿਤ ਪਣੇ ਤੋਂ ਗੁਰੇਜ ਕਰਨ ਤੇ ਆਪਣੀ ਸਿੱਖੀ ਧਰਮ ਨੂੰ ਪ੍ਰਭੁਲਤ ਕਰਦਿਆਂ ਸਿੱਖੀ ਸਿਧਾਂਤਾਂ ‘ਤੇ ਚੱਲਣ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੰਥਕ ਏਕਤਾ ਮੁੱਦਿਆਂ ਦੇ ਆਧਾਰ ‘ਤੇ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡੀ ਏਕਤਾ ਪੰਜਾਬ ‘ਚੋਂ ਡੇਰਾਵਾਦ ਨੂੰ ਖ਼ਤਮ ਕਰਨ ਲਈ ਅੱਗੇ ਆਉਣ ਤੇ ਮਾਲਵੇ ‘ਚ ਬਣਨ ਵਾਲੇ ਡੇਰੇ ਦਾ ਹਰ ਸਿੱਖ ਡਟ ਕੇ ਵਿਰੋਧ ਕਰੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਧਰਮ ਪਰਿਵਰਤਨ ਦੀ ਜੋ ਲਹਿਰ ਚੱਲ ਰਹੀ ਹੈ ਵੀ ਸਿੱਖ ਧਰਮ ਨੂੰ ਗੁਲਾਮੀ ਵੱਲ ਧਕੇਲ ਰਹੀ ਹੈ, ਜਿਸ ਦਾ ਵਿਰੋਧ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਉਸ ਪਾਖੰਡੀ, ਬਲਾਤਕਾਰੀ, ਧੀਆਂ ਭੈਣਾਂ ਦੀ ਬੇਅਦਬੀ ਵਾਲੇ ਵਿਅਕਤੀ ਨੂੰ ਪੰਜਾਬ ਅੰਦਰ ਡੇਰਾ ਬਣਾਉਣ ਦੀ ਆਗਿਆ ਨਹੀਂ ਦੇਣਗੇ, ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ, ਪਾਖੰਡੀ ਬਾਬਿਆਂ, ਡੇਰਾਵਾਦ, ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਅਜਿਹੇ ਲੋਕਾਂ ਖ਼ਿਲਾਫ਼ ਇਕਮੁੱਠ ਹੋ ਕੇ ਗੁਰੂ ਦੀ ਫੌਜ ਬਣ ਕੇ ਲੜਾਈ ਲੜਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਤਾਂ ਪਰੋਲ ‘ਤੇ ਬਾਹਰ ਆ ਸਕਦਾ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਸਰਕਾਰਾਂ ਕਿਉਂ ਨਹੀਂ ਕਰਦੀਆਂ ? ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਡੇਰਾਵਾਦ ਨੂੰ ਪ੍ਰਫੁਲਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ, ਮੌੜ ਬੰਬ ਬਲਾਸਟ ਦੀਆਂ ਤਾਰਾਂ ਡੇਰੇ ਨਾਲ ਜੁੜੀਆਂ ਹੋਣ ਦੇ ਬਾਵਜੂਦ ਪੰਜਾਬ ਅੰਦਰ ਡੇਰਾ ਬਣਾਉਣ ਦਾ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੁੱਢਲੇ ਕਦਮ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਰਜਿੰਦਰ ਸਿੰਘ ਜਵਾਹਰਕੇ, ਬਲਵਿੰਦਰ ਸਿੰਘ ਮੰਡੇਰ, ਗਿਆਨ ਸਿੰਘ ਗਿੱਲ, ਸਰਪੰਚ ਨਛੱਤਰ ਸਿੰਘ ਸੰਧੂ, ਤੇਜਾ ਸਿੰਘ, ਨਾਜਮ ਸਿੰਘ, ਹੈਡ ਗ੍ਰੰਥੀ ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਸਿੱਖ ਸੰਗਤਾਂ ਮੌਜੂਦ ਸਨ।

Add a Comment

Your email address will not be published. Required fields are marked *