ਐਪ ਜ਼ਰੀਏ ਪੰਜਾਬ ਸਰਕਾਰ ਫੜੇਗੀ ਬੋਗਸ ਬਿਲਿੰਗ ਮਾਫ਼ੀਆ

ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਹੁਣ ਬੋਗਸ ਬਿਲਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ। ਇਸ ਦੇ ਲਈ ਸਰਕਾਰ 8 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਜਿਹੀ ਐਪ ਤਿਆਰ ਕਰਵਾ ਰਹੀ ਹੈ, ਜਿਸ ਦੀ ਮਦਦ ਨਾਲ ਜੇਕਰ ਕਿਸੇ ਨੇ ਥੋੜ੍ਹਾ ਜਿਹਾ ਵੀ ਡਾਟਾ ਉਲਟਾ-ਪੁਲਟਾ ਕਰਕੇ ਘਪਲਾ ਕਰਨ ਦਾ ਯਤਨ ਕੀਤਾ ਤਾਂ ਤੁਰੰਤ ਹੀ ਜੀ. ਐੱਸ. ਟੀ. ਵਿਭਾਗ ਉਸ ਨੂੰ ਫੜ ਲਵੇਗਾ।

ਇਸ ਐਪ ਨੂੰ ਬੈਂਗਲੁਰੂ ਦੀ ਕੰਪਨੀ ਵਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਦੇ ਜ਼ਰੀਏ ਵਿਭਾਗ ਹਰ ਕੰਪਨੀ ਦਾ ਡਾਟਾ ਆਟੋ ਸਿਸਟਮ ਨਾਲ ਇਕੱਠਾ ਕਰਦਾ ਜਾਵੇਗਾ ਤੇ ਜਿਵੇਂ ਹੀ ਉਸ ਨੂੰ ਕੁਝ ਸ਼ੱਕ ਹੋਵੇਗਾ ਤਾਂ ਇਹ ਐਪ ਅਫ਼ਸਰ ਨੂੰ ਨੋਟੀਫਿਕੇਸ਼ਨ ਭੇਜ ਕੇ ਦੱਸ ਦੇਵੇਗੀ ਕਿ ਕੰਪਨੀ ਦੀ ਖ਼ਰੀਦ ਤੇ ਵੇਚ ’ਚ ਗੜਬੜ ਚੱਲ ਰਹੀ ਹੈ। ਅਜਿਹੀ ਜਾਣਕਾਰੀ ਤੋਂ ਬਾਅਦ ਤੁਰੰਤ ਹੀ ਅਧਿਕਾਰੀ ਉਸ ਕੰਪਨੀ ’ਤੇ ਕਾਰਵਾਈ ਕਰ ਸਕਣਗੇ। ਮੁੱਖ ਮੰਤਰੀ ਅੱਜ ਲੁਧਿਆਣਾ ’ਚ ਮਿਲਣੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ ਤੇ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਸਮੱਸਿਆ ਸੁਣਨ ਆਏ ਸਨ।

ਮੁੱਖ ਮੰਤਰੀ ਨੇ ਮੰਨਿਆ ਕਿ ਬੋਗਸ ਬਿਲਿੰਗ ਅੱਜ ਇਕ ਬਹੁਤ ਵੱਡਾ ਮੁੱਦਾ ਹੈ ਤੇ ਇਹ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੋਗਸ ਬਿਲਿੰਗ ’ਤੇ 24 ਘੰਟੇ ਨਜ਼ਰ ਰੱਖਣ ਲਈ ਹੀ ਅਜਿਹੀ ਐਪ ਤਿਆਰ ਕਰਵਾਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਇੰਡਸਟਰੀ ਨੂੰ ਨਹਿਰੀ ਪਾਣੀ ਦਿਵਾਉਣ ਲਈ ਰਣਨੀਤੀ ਤਿਆਰ ਹੋ ਗਈ ਹੈ।

ਹੁਣ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਗਰਾਊਂਡ ਵਾਟਰ ਨਹੀਂ ਵਰਤਣ ਦਿੱਤਾ ਜਾਵੇਗਾ। ਇਸ ਨੂੰ ਜਲਦ ਹੀ ਯੋਜਨਾ ਬਣਾ ਕੇ ਅਮਲ ’ਚ ਲਿਆਉਣ ਲਈ ਵਿਭਾਗਾਂ ਨੂੰ ਕਹਿ ਦਿੱਤਾ ਗਿਆ ਹੈ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਜ਼ਮੀਨੀ ਪਾਣੀ ਦਾ ਪੱਧਰ ਰੋਜ਼ਾਨਾ ਡਿੱਗਦਾ ਜਾ ਰਿਹਾ ਹੈ। ਮੁੱਖ ਮੰਤਰੀ ਦੋਵੇਂ ਐਲਾਨਾਂ ਨਾਲ ਇੰਡਸਟਰੀ ਨੇ ਕਾਫ਼ੀ ਰਾਹਤ ਦਾ ਸਾਹ ਲਿਆ ਹੈ।

Add a Comment

Your email address will not be published. Required fields are marked *