ਮਾਪਿਆਂ ਦੀ ਇੱਛਾ ਤੇ 17 ਸਾਲਾਂ ਦੇ ਪਿਆਰ ਲਈ ਹੈਲੀਕਾਪਟਰ ‘ਚ ਲਾੜੀ ਵਿਆਹੁਣ ਗਿਆ ਲਾੜਾ

ਜਲੰਧਰ – ਹਰ ਇਨਸਾਨ ਵਿਆਹ ਕੁਝ ਵੱਖਰੇ ਢੰਗ ਨਾਲ ਕਰਨ ਦੀ ਸੋਚਦਾ ਹੈ ਤੇ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਕੁਝ ਹਟ ਕੇ ਪਲਾਨਿੰਗ ਕਰਦਾ ਹੈ। ਇਸ ਲਈ ਕੋਈ ਵਧੀਆ ਤੋਂ ਵਧੀਆ ਗੱਡੀ ਲੈ ਕੇ ਜਾਂਦਾ ਹੈ ਤਾਂ ਕੋਈ ਹਾਈਫਾਈ ਬੈਂਡ ਲੈ ਕੇ ਲਾੜੀ ਨੂੰ ਲੈਣ ਲਈ ਪਹੁੰਚਦਾ ਹੈ ਪਰ ਜਲੰਧਰ ਦੇ ਨੇੜਲੇ ਪਿੰਡ ਬਾਠ ਕਲਾਂ ਦਾ ਵਿਅਕਤੀ ਆਪਣੇ 17 ਸਾਲ ਪੁਰਾਣੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਹੈਲੀਕਾਪਟਰ ਰਾਹੀਂ ਸ਼ਹਿਰ ਦੇ ਇਕ ਪੈਲੇਸ ’ਚ ਪਹੁੰਚ ਗਿਆ।

ਦਰਅਸਲ ਜਲੰਧਰ ਦੇ ਢਿੱਲਵਾਂ ’ਚ ਇਕ ਵਿਆਹ ਸਮਾਰੋਹ ਦੌਰਾਨ ਲਾੜੇ ਨੇ ਹੈਲੀਕਾਪਟਰ ਰਾਹੀਂ ਐਂਟਰੀ ਕੀਤੀ, ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਕਹਿੰਦੇ ਹਨ ਕਿ ਪਿਆਰ ਜੇਕਰ ਸੱਚਾ ਹੋਵੇ ਤਾਂ ਆਪਣੇ ਪਿਆਰ ਨੂੰ ਪਾਉਣ ਲਈ ਕੁਝ ਤਾਂ ਵੱਖਰਾ ਕਰਨਾ ਪੈਂਦਾ ਹੈ ਤਾਂ ਅਜਿਹਾ ਹੀ ਕੁਝ ਅਲੱਗ ਕਰ ਕੇ ਦਿਖਾਇਆ ਨਕੋਦਰ ਦੇ ਬਾਠ ਕਲਾਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ। ਜੀ ਹਾਂ, ਜਲੰਧਰ ਦੇ ਢਿੱਲਵਾਂ ’ਚ ਸਥਿਤ ਇਕ ਰਿਜ਼ਾਰਟ ’ਚ ਲਾੜੇ ਦੀ ਹੈਲੀਕਾਪਟਰ ‘ਚ ਹੋਈ ਐਂਟਰੀ ਨੂੰ ਦੇਖ ਕੇ ਇਲਾਕੇ ਦੇ ਲੋਕ ਦੇਖਦੇ ਹੀ ਰਹਿ ਗਏ। ਹੈਲੀਕਾਪਟਰ ਦੇ ਉਤਰਦੇ ਹੀ ਲਾੜੇ ਦਾ ਬੜੇ ਚਾਵਾਂ ਨਾਲ ਸਹੁਰਾ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ।

ਇਲਾਕੇ ’ਚ ਹੈਲੀਕਾਪਟਰ ਉਤਰਦਾ ਦੇਖ ਲੋਕ ਪਹਿਲਾਂ ਤਾਂ ਹੈਰਾਨ ਹੋਏ। ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਵਿਚਕਾਰ ਲਗਭਗ 17 ਪਿਆਰ ਤੋਂ ਸਾਲਾਂ ਤੋਂ ਚੱਲ ਰਿਹਾ ਸੀ, ਜੋ ਕਿ ਪ੍ਰਵਾਨ ਚੜ੍ਹ ਗਿਆ। ਸੁਖਵਿੰਦਰ ਸਿੰਘ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ ਹੈ, ਦਾ ਜਲੰਧਰ ਦੇ ਢਿੱਲਵਾਂ ’ਚ ਸਥਿਤ ਇਕ ਰਿਜ਼ਾਰਟ ’ਚ ਵਿਆਹ ਸੀ। ਉੱਥੇ ਲਾੜੀ ਵੀ ਆਪਣੇ ਲਾੜੇ ਦੀ ਇਸ ਤਰ੍ਹਾਂ ਦੀ ਐਂਟਰੀ ਨੂੰ ਦੇਖ ਕੇ ਫੁੱਲੀ ਨਾ ਸਮਾਈ। ਉਥੇ ਹੀ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਿਲੋਂ ਖਵਾਹਿਸ਼ ਸੀ ਕਿ ਉਨ੍ਹਾਂ ਦਾ ਬੇਟਾ ਹੈਲੀਕਾਪਟਰ ’ਚ ਆਪਣੀ ਲਾੜੀ ਨੂੰ ਲੈਣ ਜਾਵੇ, ਜੋ ਕਿ ਉਸ ਨੇ ਪੂਰੀ ਕਰ ਦਿਖਾਈ ਹੈ।

ਲਾੜੇ ਸੁਖਵਿੰਦਰ ਸਿੰਘ ਨੇ ਆਪਣੀ ਗਰਲਫ੍ਰੈਂਡ ਮਨੀ ਨਾਲ ਵਿਆਹ ਕਰਵਾਉਣ ਲਈ 17 ਸਾਲ ਲੰਬੀ ਉਡੀਕ ਕੀਤੀ। ਦਰਅਸਲ ਦੋਵੇਂ ਇਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਸਨ। ਫਿਰ 2009 ’ਚ ਮਨੀ ਆਸਟ੍ਰੇਲੀਆ ਚਲੀ ਗਈ। ਉੇੱਥੇ ਜਾਣ ਤੋਂ ਬਾਅਦ ਉਸ ਨੂੰ ਵੀਜ਼ਾ ਲੈਣ ਲਈ ਬਹੁਤ ਮਿਹਨਤ ਕਰਨੀ ਪਈ। ਇਸ ਦੌਰਾਨ ਸੁਖਵਿੰਦਰ ਨੇ ਵੀ ਵਿਆਹ ਨਹੀਂ ਕਰਵਾਇਆ। ਦੋਵੇਂ ਫੋਨ ’ਤੇ ਇਕ-ਦੂਜੇ ਦੇ ਸੰਪਰਕ ’ਚ ਰਹੇ। ਆਖਿਰ 2024 ’ਚ ਮਨੀ ਨੂੰ ਵੀਜ਼ਾ ਮਿਲ ਗਿਆ ਤੇ ਉਹ ਸੁਖਵਿੰਦਰ ਨਾਲ ਵਿਆਹ ਕਰਵਾਉਣ ਲਈ ਤੁਰੰਤ ਭਾਰਤ ਪਹੁੰਚ ਗਈ। ਦੋਵਾਂ ਦੇ ਪਰਿਵਾਰਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ।

ਆਪਣੀ ਹੋਣ ਵਾਲੀ ਪਤਨੀ ਮਨੀ ਨੂੰ ਸਰਪ੍ਰਾਈਜ਼ ਦੇਣ ਲਈ ਸੁਖਵਿੰਦਰ ਨੇ ਹੈਲੀਕਾਪਟਰ ਰਾਹੀਂ ਡੋਲੀ ਲਿਆਉਣ ਦਾ ਪਲਾਨ ਬਣਾਇਆ। ਇਸ ਲਈ ਉਸ ਨੇ ਚੰਡੀਗੜ੍ਹ ਦੀ ਕੰਪਨੀ ਨਾਲ ਸੰਪਰਕ ਕੀਤਾ। ਇਸ ਲਈ ਸੁਖਵਿੰਦਰ ਨੇ ਲੱਗਭਗ 10 ਲੱਖ ਰੁਪਏ ਕਿਰਾਇਆ ਅਦਾ ਕੀਤਾ। ਸੁਖਵਿੰਦਰ ਬੇਸ਼ੱਕ ਕੋਈ ਕਰੋੜਪਤੀ ਨਹੀਂ, ਪਰ ਫਿਰ ਵੀ ਉਨ੍ਹਾਂ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣ ਲਈ ਇਹ ਕਦਮ ਚੁੱਕਿਆ ਤੇ ਹੈਲੀਕਾਪਟਰ ਹਾਇਰ ਕੀਤਾ। ਇਸ ਲਈ ਬਕਾਇਦਾ ਬਾਠ ਕਲਾਂ ’ਚ ਸੁਖਵਿੰਦਰ ਨੇ ਟੈਂਪਰੇਰੀ ਹੈਲੀਪੈਡ ਵੀ ਬਣਵਾਇਆ ਤੇ ਇਸੇ ਤਰ੍ਹਾਂ ਵਿਆਹ ਵਾਲੀ ਥਾਂ ਢਿੱਲਵਾਂ ’ਚ ਵੀ ਹੈਲੀਕਾਪਟਰ ਦੇ ਉਤਰਨ ਦਾ ਪ੍ਰਬੰਧ ਕੀਤਾ ਗਿਆ ਸੀ।

Add a Comment

Your email address will not be published. Required fields are marked *