ਲੁਧਿਆਣਾ ‘ਚ ਹਾਈ ਟੈਸ਼ਨ ਤਾਰ ਟੁੱਟਣ ਕਾਰਨ ਰੁਕੀਆਂ ਰੇਲਗੱਡੀਆਂ, ਮੁਸਾਫ਼ਰਾਂ ਨੂੰ ਹੋਈ ਭਾਰੀ ਪਰੇਸ਼ਾਨੀ

ਲੁਧਿਆਣਾ : ਫਿਲੌਰ ਰੇਲਵੇ ਸਟੇਸ਼ਨ ਕੋਲ ਸ਼ਨੀਵਾਰ ਬਾਅਦ ਦੁਪਹਿਰ ਕਰੀਬ 4 ਵਜੇ ਅਚਾਨਕ ਹਾਈ ਟੈਂਸ਼ਨ ਤਾਰ ਟੁੱਟਣ ਨਾਲ ਰੇਲਵੇ ਆਵਾਜਾਈ ਠੱਪ ਹੋ ਗਈ। ਡਾਊਨ ਲਾਈਨ ’ਤੇ ਤਾਰ ਟੁੱਟਣ ਕਾਰਨ ਅੰਮ੍ਰਿਤਸਰ ਅਤੇ ਜੰਮੂ ਤੋਂ ਜਾਣ ਵਾਲੀਆਂ ਟਰੇਨਾਂ ਨੂੰ ਫਿਲੌਰ ਤੋਂ ਪਿੱਛੇ ਹੀ ਵੱਖ-ਵੱਖ ਸਟੇਸ਼ਨਾਂ ’ਤੇ ਰੋਕ ਦਿੱਤਾ ਗਿਆ ਪਰ ਅਪ ਲਾਈਨ ’ਤੇ ਆਵਾਜਾਈ ਜਾਰੀ ਰਹੀ। ਇਸ ਕਾਰਨ ਗੋਰਾਇਆਂ, ਫਿਲੌਰ, ਫਗਵਾੜਾ, ਜਲੰਧਰ, ਜਲੰਧਰ ਕੈਂਟ, ਵਿਆਸ ਅਤੇ ਇਸ ਰੂਟ ਦੇ ਹੋਰ ਸਟੇਸ਼ਨਾਂ ’ਤੇ ਭੀੜ ਲੱਗ ਗਈ।

ਕਰੀਬ 5 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਰੇਲਵੇ ਮਕੈਨੀਕਲ ਸਟਾਫ਼ ਨੇ ਮੁਰੰਮਤ ਦਾ ਕੰਮ ਪੂਰਾ ਕੀਤਾ ਅਤੇ ਜਿਸ ਦੇ ਚੱਲਦੇ ਆਵਾਜਾਈ ਬਹਾਲ ਹੋ ਸਕੀ। ਇਸ ਟੈਕਨੀਕਲ ਸਮੱਸਿਆ ਦੇ ਕਾਰਨ ਦਰਜਨ ਤੋਂ ਵੱਧ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ ਤੋਂ ਲੈ ਕੇ 4 ਘੰਟੇ ਦੇਰ ਨਾਲ ਚੱਲੀਆਂ। ਨਵੀਂ ਦਿੱਲੀ ਵੱਲ ਜਾਣ ਵਾਲੀ ਵੀ. ਆਈ. ਪੀ. ਟਰੇਨ ਸ਼ਤਾਬਦੀ ਐਕਸਪ੍ਰੈੱਸ ਨੂੰ ਜਲੰਧਰ ਦੇ ਕੋਲ ਰੋਕਿਆ ਗਿਆ, ਜਦੋਂਕਿ ਸਵਰਾਜ ਐਕਸਪ੍ਰੈੱਸ, ਸਰਯੂ ਯਮੁਨਾ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ, ਸ਼ਾਨ-ਏ-ਪੰਜਾਬ, ਫੈਸਟਿਵ ਸੀਜ਼ਨ ਦੌਰਾਨ ਚਲਾਈਆਂ ਗਈਆਂ ਸਪੈਸ਼ਨ ਟਰੈਨਾਂ ਨੂੰ ਵੱਖ-ਵੱਖ ਥਾਵਾਂ ’ਤੇ ਰੋਕਿਆ ਗਿਆ।

ਇਸ ਸਮੇਂ ਦੌਰਾਨ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਕੁੱਝ ਟਰੇਨਾਂ ਨੂੰ ਉੱਥੋਂ ਨਹੀਂ ਚਲਾਇਆ ਗਿਆ। ਤਿਉਹਾਰੀ ਸੀਜ਼ਨ ਕਾਰਨ ਰੇਲਵੇ ਸਟੇਸ਼ਨ ’ਤੇ ਪਹਿਲਾਂ ਹੀ ਭਾਰੀ ਭੀੜ ਲੱਗੀ ਹੋਈ ਸੀ ਪਰ ਇਸ ਕਾਰਨ ਇਕਦਮ ਟਰੇਨਾਂ ਰੁਕਣ ਕਾਰਨ ਯਾਤਰੀਆਂ ਨੂੰ ਹੋਰ ਵੀ ਪਰੇਸ਼ਾਨੀ ਝੱਲਣੀ ਪਈ। ਪਲੇਟਫਾਰਮ ਨੰ. 1 ਤੋਂ ਲੈ ਕੇ 4 ਤੱਕ ਯਾਤਰੀਆਂ ਦਾ ਜਮਾਵੜਾ ਲੱਗਾ ਹੋਇਆ ਸੀ।

Add a Comment

Your email address will not be published. Required fields are marked *