ਅਕਾਲੀ-ਭਾਜਪਾ ਗੱਠਜੋੜ ’ਤੇ ਮੀਟਿੰਗਾਂ ਦਾ ਦੌਰ ਖ਼ਤਮ

ਚੰਡੀਗੜ੍ਹ : ਕਰੀਬ ਸਾਢੇ 3 ਸਾਲ ਤੱਕ ਵੱਖ ਰਹਿਣ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਨਹੁੰ-ਮਾਸ ਦਾ ਰਿਸ਼ਤਾ ਭਾਵ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਚ ਦੋਵ ਾਂ ਪਾਰਟੀਆਂ ਦੀ ਮੀਟਿੰਗਾਂ ਦਾ ਦੌਰ ਚੱਲਣ ਤੋਂ ਬਾਅਦ ਅੱਜ ਇਹ ਪ੍ਰਦੇਸ਼ ਸੰਘ ਨੇਤਾਵਾਂ ਦੀ ਬੈਠਕ ਤੋਂ ਬਾਅਦ ਪ੍ਰਦੇਸ਼ ਭਾਜਪਾ ਨੇਤਾਵਾਂ ਦੀ ਵੀ ਮੀਟਿੰਗ ਹੋਈ।

ਸੈਕਟਰ-29 ਸਥਿਤ ਸੇਵਾ ਧਾਮ ਵਿਖੇ ਦੁਪਹਿਰ 12:30 ਤੋਂ ਸ਼ਾਮ 6 ਵਜੇ ਤੱਕ ਚੱਲੀ ਇਸ ਮੈਰਾਥਨ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਨੇ ਕੀਤੀ। ਉਹ ਅਕਾਲੀ ਦਲ ਨਾਲ ਸੰਭਾਵੀਂ ਗੱਠਜੋੜ ਬਾਰੇ ਪੰਜਾਬ ਦੇ ਯੂਨੀਅਨ ਆਗੂਆਂ ਤੋਂ ਫੀਡਬੈਕ ਲੈਣ ਆਏ ਸਨ। ਮੀਟਿੰਗ ਵਿਚ ਪ੍ਰਦੇਸ਼ ਭਾਜਪਾ ਇੰਚਾਰਜ ਵਿਜੈ ਰੂਪਾਨੀ, ਸਹਿ-ਇੰਚਾਰਜ ਡਾ. ਨਰਿੰਦਰ ਰੈਨਾ, ਭਾਜਪਾ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਅਤੇ ਸੰਸਦ ਮੈਂਬਰ ਅਰੁਣ ਸਿੰਘ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਹਾਜ਼ਰ ਸਨ।

ਅਕਾਲੀ-ਭਾਜਪਾ ਗੱਠਜੋੜ 23 ਸਾਲਾਂ ਤੋਂ ਵੱਧ ਚੱਲਿਆ ਸੀ ਅਤੇ ਪੰਜਾਬ ਵਿਚ ਤਿੰਨ ਵਾਰ ਸੱਤਾ ਵਿਚ ਰਹਿਣ ਦੇ ਬਾਵਜੂਦ 26 ਸਤੰਬਰ, 2020 ਨੂੰ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਐੱਨ. ਡੀ. ਏ. ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਉਥਲ-ਪੁਥਲ ਕਾਰਨ ਅਕਾਲੀ ਦਲ ਨੇ ਭਾਜਪਾ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਸੀ। ਹੁਣ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਲਗਭਗ ਅੰਤਿਮ ਪੜਾਅ ’ਤੇ ਪਹੁੰਚ ਚੁੱਕੀ ਹੈ ਅਤੇ ਬਸੰਤ ਪੰਚਮੀ ਦੇ ਆਸ-ਪਾਸ ਗੱਠਜੋੜ ’ਤੇ ਰਸਮੀ ਮੋਹਰ ਲੱਗ ਜਾਵੇਗੀ। ਦੋਵੇਂ ਪਾਰਟੀਆਂ ਸਾਂਝੀ ਰੈਲੀ ਕਰ ਕੇ ਗੱਠਜੋੜ ਦਾ ਐਲਾਨ ਕਰ ਸਕਦੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਪਟਿਆਲਾ ਸੀਟ ਦੇ ਨਾਲ-ਨਾਲ ਭਾਜਪਾ ਦੇ ਕੋਟੇ ਦੀਆਂ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਛੱਡਣ ਲਈ ਤਿਆਰ ਹੈ, ਪਰ ਭਾਜਪਾ ਲੁਧਿਆਣਾ ਅਤੇ ਜਲੰਧਰ ਤੋਂ ਵੀ 1 ਹੋਰ ਸੀਟ ਦੀ ਮੰਗ ਕਰ ਰਹੀ ਹੈ।

ਸੂਤਰਾਂ ਅਨੁਸਾਰ ਅਕਾਲੀ ਦਲ ਦੇ ਕੁਝ ਵੱਡੇ ਨੇਤਾ ਦਿੱਲੀ ਵਿਚ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰ ਚੁੱਕੇ ਹਨ। ਇਕ ਸੀਨੀਅਰ ਅਕਾਲੀ ਨੇਤਾ ਨੇ ਦੱਸਿਆ ਕਿ 3 ਸੀਨੀਅਰ ਪਾਰਟੀ ਨੇਤਾਵਾਂ ਨੇ ਭਾਜਪਾ ਦੇ ਦੋਵਾਂ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਵਿਚ 1 ਲੋਕ ਸਭਾ ਅਤੇ 1 ਰਾਜ ਸਭਾ ਦਾ ਸਾਬਕਾ ਸੰਸਦ ਮੈਂਬਰ ਵੀ ਸ਼ਾਮਲ ਸੀ। ਸੁਖਬੀਰ ਸਿੰਘ ਬਾਦਲ ਦੀ ਉਕਤ ਮੀਟਿੰਗ ਵਿਚ ਮੌਜੂਦਗੀ ਬਾਰੇ ਸਵਾਲ ’ਤੇ ਉਕਤ ਨੇਤਾ ਦਾ ਕਹਿਣਾ ਸੀ ਕਿ ‘ਨਾਂ ਕਿਉਂ ਦੇਣੇ ਜੀ, ਬਸ ਗੱਲਬਾਤ ਸਿਰੇ ਚੜ੍ਹਨ ਵਾਲੀ ਹੈ। ਜਦੋਂ ਅਨਾਊਂਸ ਹੋਜੇ, ਉਦੋਂ ਲਿਖ ਲੈਣਾ ਸਭ ਕੁਝ।’

ਸੂਤਰਾਂ ਅਨੁਸਾਰ ਸੋਮਵਾਰ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਪਹੁੰਚ ਗਏ ਸਨ। ਹਾਲਾਂਕਿ ਉਨ੍ਹਾਂ ਦਾ ਉੱਥੇ 2 ਦਿਨ ਰਹਿਣ ਦਾ ਪ੍ਰੋਗਰਾਮ ਸੀ ਪਰ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਅਗਵਾਈ ਨੇ ਉਨ੍ਹਾਂ ਨੂੰ 2 ਦਿਨ ਹੋਰ ਰੁਕਣ ਲਈ ਕਿਹਾ ਸੀ। ਅਕਾਲੀ ਦਲ ਵਲੋਂ ਗਠਜੋੜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੀਡਰਸ਼ਿਪ ਅਗਵਾਈ ਨੇ ਜਾਖੜ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ। ਇਸ ਕਾਰਣ ਸ਼ਾਮ 7 ਵਜੇ ਚੰਡੀਗੜ੍ਹ ਪਰਤਣ ਵਾਲੇ ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਆਪਣੀ ਫਲਾਈਟ ਦੀ ਟਿਕਟ ਕੈਂਸਲ ਕਰਵਾ ਕੇ 8 ਫਰਵਰੀ ਨੂੰ ਵਾਪਿਸ ਪਰਤ ਆਏ ਸਨ ਅਤੇ ਸੂਬਾ ਸੈੱਲ ਦੀ ਮੀਟਿੰਗ ਵਿਚ ਵੀ ਹਾਜ਼ਰ ਨਹੀਂ ਰਹੇ ਸਨ।

Add a Comment

Your email address will not be published. Required fields are marked *