ਫ਼ਿਲਮ ਮੇਲੇ ’ਚ ਇਕੱਠੇ ਤਿਰੰਗਾ ਲਹਿਰਾਉਣਗੇ ਅਭਿਸ਼ੇਕ ਬੱਚਨ ਤੇ ਕਪਿਲ ਦੇਵ

ਮੁੰਬਈ:ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ‘ਇੰਡੀਅਨ ਫ਼ਿਲਮ ਫੈਸਟੀਵਲ ਮੈਲਬਰਨ’ (ਆਈਐੱਫਐੱਫਐੱਮ) ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਇਕੱਠੇ ਤਿਰੰਗਾ ਲਹਿਰਾਉਣਗੇ। ਆਈਐੱਫਐੱਫਐੱਮ ਦੇ ਮਹਿਮਾਨਾਂ ’ਚ ਸ਼ਾਮਲ ਅਭਿਸ਼ੇਕ ਨੇ ਆਖਿਆ ਕਿ ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਸਿਨੇਮਾ ਨਾਲ ਸਬੰਧਤ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਸੱਦਾ ਭੇਜਿਆ ਗਿਆ ਹੈ। ਉਸ ਨੇ ਕਿਹਾ, ‘‘ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਮੈਲਬਰਨ ਵਿੱਚ ਹੋਣ ਵਾਲੇ ਸਮਾਗਮ ਦਾ ਹਿੱਸਾ ਹੋਵਾਂਗਾ। ਇਹ ਹੋਰ ਵੀ ਫਖ਼ਰ ਦੀ ਗੱਲ ਹੈ ਕਿ ਮੈਂ ਅਹਿਮ ਸਮਾਗਮ ਵਿੱਚ ਤਿਰੰਗਾ ਲਹਿਰਾਵਾਂਗਾ। ਇਸ ਸਮਾਗਮ ਦੌਰਾਨ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਅਤੇ ਅਲੱਗ-ਅਲੱਗ ਭਾਈਚਾਰਿਆਂ ਦੇ ਭਾਰਤੀ ਲੋਕ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨ ਮਨਾਉਣ ਲਈ ਇਕੱਤਰ ਹੋਣਗੇ। ਕਪਿਲ ਸਰ ਨਾਲ ਮੰੰਚ ਸਾਂਝਾ ਕਰਨਾ ਮੇਰੇ ਲਈ ਯਾਦਗਾਰੀ ਹੋਵੇਗਾ ਅਤੇ ਇਸ ਸਮਾਗਮ ਵਿੱਚ ਭਾਰਤੀਆਂ ਨੂੰ ਇਕਜੁੱਟ ਕਰਨ ਵਾਲੇ ਕ੍ਰਿਕਟ ਅਤੇ ਸਿਨੇਮਾ ਇਕੱਠੇ ਹੋਣਗੇ।’’ ਆਈਐੱਫਐੱਫਐੱਮ ਦੀ ਡਾਇਰੈਕਟਰ ਮੀਤੂ ਭੌਮਿਕ ਲਾਂਗੇ ਨੇ ਕਿਹਾ, ‘‘ਭਾਰਤ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਰਿਹਾ ਹੈ ਅਤੇ ਇਹ ਸਮਾਗਮ ਇਸ ਪਲ ਨੂੰ ਯਾਦਗਾਰ ਬਣਾ ਦੇਵੇਗਾ। ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਅਤੇ ਅਭਿਸ਼ੇਕ ਬੱਚਨ ਇਕੱਠਿਆਂ ਤਿਰੰਗਾ ਲਹਿਰਾਉਣਗੇ।’’

Add a Comment

Your email address will not be published. Required fields are marked *