ਸ਼ਹੀਦ ਭਗਤ ਸਿੰਘ ਨਾਲ ਸਿਸੋਦੀਆ ਦੀ ਤੁਲਨਾ ਮੰਦਭਾਗੀ: ਸਿਰਸਾ

ਨਵੀਂ ਦਿੱਲੀ, 17 ਅਕਤੂਬਰ

ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਬੇਹੱਦ ਮੰਦਭਾਗਾ ਹੈ। ਇਸ ਲਈ ਸ੍ਰੀ ਕੇਜਰੀਵਾਲ ਨੂੰ ਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਸ ਸਬੰਧੀ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਕਦੇ ਕਦਾਈਂ ਜੰਮਦੇ ਹਨ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਸ਼ਹਾਦਤਾਂ ਦੇ ਜਾਮ ਕੀਤੇ। ਦੂਜੇ ਪਾਸੇ, ਸ੍ਰੀ ਸਿਸੋਦੀਆ ਖ਼ਿਲਾਫ਼ ਦਿੱਲੀ ਤੇ ਪੰਜਾਬ ਵਿਚ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਲਈ ਰਿਸ਼ਵਤਾਂ ਲੈਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਛੇ ਫ਼ੀਸਦੀ ਰਿਸ਼ਵਤਾਂ ਹਾਸਲ ਕੀਤੀਆਂ ਹੋਣ ਤੇ ਅਪਰਾਧ ਕੀਤੇ ਹੋਣ ਉਨ੍ਹਾਂ ਦੀ ਤੁਲਨਾ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨਾਲ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਨੇ ਰਾਜਨੀਤੀ ਨੂੰ ਇਸ ਪੱਧਰ ਤੱਕ ਹੇਠਾਂ ਲੈ ਆਂਦਾ ਹੈ ਕਿ ਅੱਜ ਸ੍ਰੀ ਸਿਸੋਦੀਆ ਸੀਬੀਆਈ ਵੱਲੋਂ ਪੜਤਾਲ ਤੋਂ ਪਹਿਲਾਂ ਆਪਣੀ ਮਾਂ ਤੋਂ ਆਸ਼ੀਰਵਾਦ ਲੈ ਰਹੇ ਹਨ ਤੇ ਪਤਨੀ ਤੋਂ ਇਸ ਤਰੀਕੇ ਟਿੱਕਾ ਲਗਵਾ ਰਹੇ ਹਨ ਜਿਵੇਂ ਦੇਸ਼ ਵਾਸਤੇ ਜੰਗ ਵਿਚ ਜਾਣਾ ਹੋਵੇ।

ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਅਤੇ ਉਨ੍ਹਾਂ ਦੀ ਟੀਮ ਨੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤਾਂ ਲਈਆਂ ਤਾਂ ਜੋ ਆਪਣੀ ਪਾਰਟੀ ਨੂੰ ਅੱਗੇ ਵਧਾਇਆ ਜਾ ਸਕੇ ਤੇ ਹੁਣ ਜਦੋਂ ਜਾਂਚ ਏਜੰਸੀਆਂ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਨੂੰ ਆਪਣੇ ਗ਼ੈਰ-ਕਾਨੂੰਨੀ ਕੰਮਾਂ ਵਾਸਤੇ ਸਜ਼ਾ ਪ੍ਰਾਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਆਜ਼ਾਦੀ ਘੁਲਾਟੀਆਂ ਵਜੋਂ ਪੇਸ਼ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਸ੍ਰੀ ਕੇਜਰੀਵਾਲ ਨੂੰ ਆਖਿਆ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਅਤੇ ਦੇਸ਼ ਵਾਸੀਆਂ ਤੋਂ ਤੁਰੰਤ ਮੁਆਫ਼ੀ ਮੰਗਣ ਕਿਉਂਕਿ ਉਨ੍ਹਾਂ ਨੇ ਪਰਿਵਾਰ ਤੇ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Add a Comment

Your email address will not be published. Required fields are marked *