ਜੰਮੂ ਕਸ਼ਮੀਰ : ਗ੍ਰਨੇਡ ਹਮਲੇ ‘ਚ ਉੱਤਰ ਪ੍ਰਦੇਸ਼ ਦੇ 2 ਮਜ਼ਦੂਰਾਂ ਦੀ ਮੌਤ, ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ ‘ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਇਲਾਕੇ ‘ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਸਥਾਨਕ ‘ਹਾਈਬ੍ਰਿਡ’ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ ‘ਹਾਈਬ੍ਰਿਡ’ ਅੱਤਵਾਦੀ ਉਹ ਲੋਕ ਹੁੰਦੇ ਹਨ, ਜੋ ਇਸ ਤਰ੍ਹਾਂ ਦੇ ਆਤਮਘਾਤੀ ਹਮਲੇ ਕਰਨ ਤੋਂ ਬਾਅਦ ਹਮੇਸ਼ਾ ਆਮ ਜੀਵਨ ‘ਚ ਵਾਪਸ ਪਰਤ ਜਾਂਦੇ ਹਨ।

ਕਸ਼ਮੀਰ ਜ਼ੋਨ ਪੁਲਸ ਨੇ ਇਕ ਟਵੀਟ ‘ਚ ਕਿਹਾ,”ਅੱਤਵਾਦੀਆਂ ਨੇ ਸ਼ੋਪੀਆਂ ਦੇ ਹਰਮਨ ਇਲਾਕੇ ‘ਚ ਇਕ ਗ੍ਰਨੇਡ ਸੁੱਟਿਆ, ਜਿਸ ‘ਚ ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਰਹਿਣ ਵਾਲੇ 2 ਮਜ਼ਦੂਰ ਮਨੀਸ਼ ਕੁਮਾਰ ਅਤੇ ਰਾਮ ਸਾਗਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।” ਉਨ੍ਹਾਂ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ ਕੀਤੀ ਜਾ ਰਹੀ ਹੈ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਸ਼ਮੀਰ, ਵਿਜੇ ਕੁਮਾਰ ਨੇ ਇਕ ਟਵੀਟ ‘ਚ ਕਿਹਾ,”ਲਸ਼ਕਰ ਦਾ ਇਕ ‘ਹਾਈਬ੍ਰਿਡ’ ਅੱਤਵਾਦੀ, ਜਿਸ ਨੇ ਗ੍ਰਨੇਡ ਸੁੱਟਿਾ ਸੀ, ਉਸ ਨੂੰ ਤਲਾਸ਼ੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ।” ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਅੱਤਵਾਦੀ ਦੀ ਪਛਾਣ ਹਰਮਨ ਦੇ ਇਮਰਾਨ ਬਸ਼ੀਰ ਗਨੀ ਵਜੋਂ ਹੋਈ ਹੈ। ਐਡੀਸ਼ਨਲ ਪੁਲਸ ਡਾਇਰੈਟਕਰ ਜਨਰਲ ਨੇ ਕਿਹਾ ਕਿ ਮਾਮਲੇ ਦੇ ਸੰਬੰਧ ‘ਚ ਅੱਗੇ ਦੀ ਜਾਂਚ ਅਤੇ ਤਲਾਸ਼ੀ ਜਾਰੀ ਹੈ।

Add a Comment

Your email address will not be published. Required fields are marked *