ਹਿਮਾਚਲ ਚੋਣਾਂ : 23 ਫ਼ੀਸਦੀ ਉਮੀਦਵਾਰਾਂ ਖ਼ਿਲਾਫ਼ ਦਰਜ ਹਨ ਅਪਰਾਧਕ ਮਾਮਲੇ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ‘ਚ 23 ਫੀਸਦੀ ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨ। ਇਕ ਵਿਸ਼ਲੇਸ਼ਣ ‘ਚ ਵੀਰਵਾਰ ਨੂੰ ਕਿਹਾ ਗਿਆ ਕਿ 12 ਫੀਸਦੀ ਉਮੀਦਵਾਰਾਂ ‘ਤੇ ਗੰਭੀਰ ਅਪਰਾਧਕ ਦੋਸ਼ ਹਨ। ਹਿਮਾਚਲ ਪ੍ਰਦੇਸ਼ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਚੋਣ ਲੜਨ ਵਾਲੇ ਸਾਰੇ 412 ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। 412 ਉਮੀਦਵਾਰਾਂ ‘ਚੋਂ 201 ਰਾਸ਼ਟਰੀ ਦਲਾਂ ਤੋਂ, 67 ਰਾਜ ਦਲਾਂ ਤੋਂ, 45 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਦਲਾਂ ਤੋਂ ਅਤੇ 99 ਆਜ਼ਾਦ ਦੇ ਰੂਪ ‘ਚ ਚੋਣ ਲੜ ਰਹੇ ਹਨ।

ਵਿਸ਼ਲੇਸ਼ਣ ਕੀਤੇ ਗਏ ਕੁੱਲ ਉਮੀਦਵਾਰਾਂ ‘ਚੋਂ 94 ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲੇ ਐਲਾਨ ਕੀਤੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਵਿਸ਼ਲੇਸ਼ਣ ਕੀਤੇ ਗਏ 338 ਉਮੀਦਵਾਰਾਂ ‘ਚੋਂ 61 (18 ਫੀਸਦੀ) ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲੇ ਐਲਾਨ ਕੀਤੇ ਸਨ। ਇਸ ਵਾਰ ਗੰਭੀਰ ਅਪਰਾਧਕ ਮਾਮਲਿਆਂ ਵਾਲੇ ਉਮੀਦਵਾਰ 50 (12 ਫੀਸਦੀ) ਹਨ, ਜਦੋਂ ਕਿ 2017 ਦੀਆਂ ਚੋਣਾਂ ‘ਚ 31 (9 ਫੀਸਦੀ) ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਕ ਮਾਮਲੇ ਐਲਾਨ ਕੀਤੇ ਸਨ। ਪ੍ਰਮੁੱਖ ਦਲਾਂ ‘ਚ, ਵਿਸ਼ਲੇਸ਼ਣ ਕੀਤੇ ਗਏ 11 ਉਮੀਦਵਾਰਾਂ ‘ਚੋਂ 7 (64 ਫੀਸਦੀ) ਮਾਕਪਾ ਹਨ। ਕਾਂਗਰਸ ਦੇ 68 ਉਮੀਦਵਾਰਾਂ ‘ਚੋਂ 36 (53 ਫੀਸਦੀ), ਭਾਜਪਾ ਦੇ 68 ਉਮੀਦਵਾਰਾਂ ‘ਚੋਂ 12 (18 ਫੀਸਦੀ), ‘ਆਪ’ ਦੇ 67 ਉਮੀਦਵਾਰਾਂ ‘ਚੋਂ 12 (18 ਫੀਸਦੀ) ਅਤੇ ਬਸਪਾ ਦੇ 53 ਉਮੀਦਵਾਰਾਂ ‘ਚੋਂ 2 (4 ਫੀਸਦੀ) ਨੇ ਆਪਣੇ ਹਲਫ਼ਨਾਮੇ ‘ਚ ਆਪਣੇ ਖ਼ਿਲਾਫ਼ ਅਪਰਾਧਕ ਮਾਮਲੇ ਐਲਾਨ ਕੀਤੇ ਹਨ। 5 ਉਮੀਦਵਾਰਾਂ ਨੇ ਔਰਤਾਂ ਖ਼ਿਲਾਫ਼ ਅਪਰਾਧ ਨਾਲ ਸੰਬੰਧਤ ਮਾਮਲੇ ਐਲਾਨ ਕੀਤੇ ਹਨ, ਜਦੋਂ ਕਿ 2 ਨੇ ਆਪਣੇ ਖ਼ਿਲਾਫ਼ ਕਤਲ ਨਾਲ ਸੰਬੰਧਤ ਮਾਮਲੇ ਐਲਾਨ ਕੀਤੇ ਹਨ। 412 ਉਮੀਦਵਾਰਾਂ ‘ਚੋਂ 226 (55 ਫੀਸਦੀ) ਕਰੋੜਪਤੀ ਹਨ। 

2017 ਦੀਆਂ ਚੋਣਾਂ ‘ਚ 338 ਉਮੀਦਵਾਰਾਂ ‘ਚੋਂ 158 (47 ਫੀਸਦੀ) ਬਹੁ-ਕਰੋੜਪਤੀ ਸਨ। ਪ੍ਰਮੁੱਖ ਦਲਾਂ ‘ਚ ਕਾਂਗਰਸ ਤੋਂ 61 (90 ਫੀਸਦੀ), ਭਾਜਪਾ ਤੋਂ 56 (82 ਫੀਸਦੀ), ‘ਆਪ’ ਤੋਂ 35 (52 ਫੀਸਦੀ), ਮਾਕਪਾ ਤੋਂ ਚਾਰ (36 ਫੀਸਦੀ) ਅਤੇ ਬਸਪਾ ਤੋਂ 13 (25 ਫੀਸਦੀ) ਨੇ ਇਕ ਕਰੋੜ ਤੋਂ ਵੱਧ ਦੀ ਜਾਇਦਾਦ ਐਲਾਨ ਕੀਤੀ ਹੈ। ਪ੍ਰਮੁੱਖ ਦਲਾਂ ‘ਚ ਵਿਸ਼ਲੇਸ਼ਣ ਕੀਤੇ ਗਏ ਕਾਂਗਰਸ ਉਮੀਦਵਾਰਾਂ ਲਈ ਪ੍ਰਤੀ ਉਮੀਦਵਾਰ ਔਸਤ ਜਾਇਦਾਦ 11.82 ਕਰੋੜ ਰੁਪਏ ਹੈ। ਭਾਜਪਾ ਲਈ 7.30 ਕਰੋੜ ਰੁਪਏ। ਮਾਕਪਾ ਲਈ 4.08 ਕਰੋੜ ਰੁਪਏ, ‘ਆਪ’ ਲਈ 3.71 ਕਰੋੜ ਰੁਪਏ ਅਤੇ ਬਸਪਾ ਉਮੀਦਵਾਰਾਂ ਲਈ 86.07 ਲੱਖ ਰੁਪਏ ਹੈ।

Add a Comment

Your email address will not be published. Required fields are marked *