ਅਦਾਲਤ ਵੱਲੋਂ ਕਾਂਗਰਸੀ ਕੌਂਸਲਰ ਸਨੀ ਭੱਲਾ ਰਿਹਾਅ

ਲੁਧਿਆਣਾ, 15 ਅਕਤੂਬਰ

ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਗਗਨਦੀਪ ਸਿੰਘ ਉਰਫ਼ ਸਨੀ ਭੱਲਾ ਨੂੰ ਅੱਜ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ। ਦੋ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਸਨੀ ਭੱਲਾ ਨੂੰ ਸੀਜੇਐੱਮ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਜਿੱਥੇ ਵਿਜੀਲੈਂਸ ਨੇ ਉਸ ਦੀ ਇਸ ਘੁਟਾਲੇ ’ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨਾ ਪਾਏ ਜਾਣ ਕਾਰਨ ਅਦਾਲਤ ’ਚ ਅਰਜ਼ੀ ਦੇ ਕੇ ਖੁਦ ਹੀ ਉਸ ਨੂੰ ਛੱਡਣ ਸਬੰਧੀ ਅਰਜ਼ੀ ਦਿੱਤੀ ਹੈ। ਦੱਸ ਦੇਈਏ ਕਿ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਤੇ ਕਾਂਗਰਸੀ ਕੌਂਸਲਰ ਸਨੀ ਭੱਲਾ ਨੂੰ 12 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ 13 ਅਕਤੂਬਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਅੱਜ ਅਦਾਲਤ ਵਿੱਚ ਪੇਸ਼ ਕਰਨ ਸਮੇਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸਨੀ ਭੱਲਾ ਬੇਕਸੂਰ ਹੈ ਤੇ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲੇ, ਜਿਸ ਕਰਕੇ ਅਦਾਲਤ ਉਸ ਨੂੰ ਛੱਡ ਦੇਵੇ। ਵਿਜੀਲੈਂਸ ਦੀ ਇਸ ਅਰਜ਼ੀ ਤੋਂ ਬਾਅਦ ਅਦਾਲਤ ਨੇ ਸਨੀ ਭੱਲਾ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।  

Add a Comment

Your email address will not be published. Required fields are marked *