ਨੌਜਵਾਨ ਗੁੱਜਰ ਨੂੰ ਅਗਵਾ ਕਰਨ ਵਾਲੇ ਚੜ੍ਹੇ ਪੁਲਿਸ ਦੇ ਹੱਥੇ

ਬਟਾਲਾ – ਨੌਜਵਾਨ ਗੁੱਜਰ ਨੂੰ ਅਗਵਾ ਕਰਨ ਦੇ ਮਾਮਲਾ ਦੀ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਗੁੰਮਰਾਹ ਕਰਨ ਵਾਲੇ 3 ਵਿਅਕਤੀਆਂ ਨੂੰ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿਹਾਜੀ ਕਰਮਦੀਨ ਵਾਸੀ ਮਾੜੀ ਪੰਨਵਾਂ ਨੇ ਵੀਰਵਾਰ ਸ਼ਾਮ ਨੂੰ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਤੀਜੇ ਬਾਗੂ ਪੁੱਤਰ ਬਸੀਰ ਵਾਸੀ ਮਰਾੜਾ ਥਾਣਾ ਬਹਿਰਾਮਪੁਰ ਨੂੰ ਕਾਰ ਸਵਾਰ 5-6 ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਉਹ ਆਪਣੇ ਭਤੀਜੇ ਦੀ ਦਵਾਈ ਲੈਣ ਲਈ ਪ੍ਰਤਾਪਗੜ੍ਹ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਥਾਣਾ ਰੰਗੜ ਨੰਗਲ ਦੇ ਮੁਖੀ ਗੁਰਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਇਕਦਮ ਹਰਕਤ ਵਿਚ ਆਉਂਦਿਆਂ ਪ੍ਰਤਾਪਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਦਿਆਂ ਕਾਰ ਸਵਾਰਾਂ ਦੀ ਭਾਲ ਕੀਤੀ ਗਈ।

ਥਾਣਾ ਰੰਗੜਨ ਨੰਗਲ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਗੁਰਿੰਦਰਬੀਰ ਸਿੰਘ ਦੀ ਅਗਵਾਈ ਹੇਠ ਜਾਂਚ ਅਧਿਕਾਰੀ ਅਮਰਜੀਤ ਸਿੰਘ ਵੱਲੋਂ ਨਾਕਾਬੰਦੀ ਕਰ ਕੇ 24 ਘੰਟਿਆਂ ’ਚ ਅਗਵਾ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਘਟਨਾ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਕੁਹਾਲੀ, ਬਾਗੂ ਪੁੱਤਰ ਮੰਗੂ ਵਾਸੀ ਬਹਾਦਰ ਹੁਸੈਣ ਅਤੇ ਕਰਨਬੀਰ ਸਿੰਘ ਵਾਸੀ ਦੁਨੀਆਂ ਸੰਧੂ ਵਜੋਂ ਹੋਈ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁੱਜਰ ਭਾਈਚਾਰੇ ਦੇ ਹੀ ਇਕ ਵਿਅਕਤੀ ਵੱਲੋਂ ਗੁੱਜਰ ਭਾਈਚਾਰੇ ਦੇ ਇਕ ਹੋਰ ਪਰਿਵਾਰ ਕੋਲੋਂ ਪੈਸੇ ਲੈਣ ਲਈ ਬਾਗੂ ਦੇ ਅਗਵਾ ਦੀ ਕਹਾਣੀ ਰਚੀ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦਾ ਰਿਮਾਂਡ ਲੈਕੇ ਹੋਰ ਪੁੱਛਗਿੱਛ ਜਾ ਰਹੀ ਹੈ ਅਤੇ ਦੂਜੇ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਹਰਜਿੰਦਰ ਸਿੰਘ ਕੋਹਾੜ, ਏ. ਐੱਸ. ਆਈ. ਪ੍ਰੇਮ ਸਿੰਘ, ਏ. ਐੱਸ. ਆਈ. ਬਲਰਾਜ ਸਿੰਘ ਤੇ ਮੁਨਸ਼ੀ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *