ਮੂਸੇਵਾਲਾ ਦੇ ਪਿਤਾ ਨੇ ਕੁੜਤੇ ’ਤੇ ਲਿਖਵਾਇਆ ‘ਜਸਟਿਸ ਫਾਰ ਸਿੱਧੂ’

ਮਾਨਸਾ, 27 ਅਗਸਤ-ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਗੈਂਗਸਟਰਾਂ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਪੁੱਤਰ ਦੀ ਖੂਨ ਨਾਲ ਲਥਪੱਥ ਟੀ-ਸ਼ਰਟ ਪਾ ਕੇ ਅਦਾਲਤੀ ਪੇਸ਼ੀਆਂ ’ਤੇ ਜਾਣਾ ਸ਼ੁਰੂ ਕਰ ਦੇਣਗੇ। ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਛੇ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਅੱਜ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਕਾਲੇ ਰੰਗ ਦੀਆਂ ਐਨਕਾਂ ਲਾ ਕੇ ਪੇਸ਼ੀਆਂ ਭੁਗਤਣ ਸਬੰਧੀ ਟਿੱਪਣੀ ਕਰਦਿਆਂ ਕਿਹਾ, “ਜਦੋਂ ਅਸੀਂ ਉਸ ਗੈਂਗਸਟਰ ਨੂੰ ਭਾਰੀ ਸੁਰੱਖਿਆ ਹੇਠ ਚਿਹਰੇ ’ਤੇ ਬ੍ਰਾਂਡਡ ਐਨਕਾਂ ਲਾ ਕੇ ਪੇਸ਼ੀ ਭੁਗਤਣ ਲਈ ਜਾਂਦਿਆਂ ਦੇਖਦੇ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ। ਬਿਸ਼ਨੋਈ ਵੱਲੋਂ ਜੇਲ੍ਹਾਂ ਵਿੱਚੋਂ ਇੱਕ ਨਿਊਜ਼ ਚੈਨਲ ਨੂੰ ਦੋ ਵਾਰ ਇੰਟਰਵਿਊ ਦੇਣ ਦੇ ਪੰਜ ਮਹੀਨਿਆਂ ਬਾਅਦ ਵੀ, ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਦੀ ਵਿਸ਼ੇਸ਼ ਟੀਮ ਨੇ ਕੋਈ ਬਿਆਨ ਨਹੀਂ ਦਿੱਤਾ।’’ ਉਨ੍ਹਾਂ ਨੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਸਮੇਤ ਨਾਅਰਿਆਂ ਵਾਲਾ ਕੁੜਤਾ ਅਤੇ ਕਤਲ ਨਾਲ ਜੁੜੀਆਂ ਤਸਵੀਰਾਂ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਉਹ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਹਨ, ਰੱਬ ਤੋਂ ਬਾਅਦ, ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ। ਜੇ ਸਰਕਾਰ ਨੇ ਆਪਣੀ ਨੀਤੀ ਨਾ ਬਦਲੀ ਤਾਂ ਉਹ ਆਪਣੇ ਪੁੱਤਰ ਦੇ ਖੂਨ ਨਾਲ ਲਥਪੱਥ ਕੱਪੜੇ ਪਾ ਕੇ ਸੜਕਾਂ ’ਤੇ ਨਿਕਲ ਆਵੇਗਾ।

Add a Comment

Your email address will not be published. Required fields are marked *