ਲੰਡਨ ’ਚ ਮੌਜ-ਮਸਤੀ ਕਰਦੀਆਂ ਨਜ਼ਰ ਆਈਆਂ ਕਰੀਨਾ ਤੇ ਮਲਾਇਕਾ

ਲੰਡਨ:ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ-ਕੱਲ੍ਹ ਹੰਸਲ ਮਹਿਤਾ ਦੇ ਪ੍ਰਾਜੈਕਟ ਦੀ ਸ਼ੂਟਿੰਗ ਲਈ ਲੰਡਨ ਵਿੱਚ ਹੈ। ਅਦਾਕਾਰਾ ਨੇ ਫ਼ਿਲਮਾਂਕਣ ਦੇ ਰੁਝੇਵੇਂ ਦੌਰਾਨ ਆਪਣੀ ਕਰੀਬੀ ਸਹੇਲੀ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਬਰਤਾਨੀਆ ਦੀ ਰਾਜਧਾਨੀ ਵਿੱਚ ਫ਼ੁਰਸਤ ਦੇ ਪਲ ਬਿਤਾਏ। ਇਸ ਸਬੰਧੀ ਮਲਾਇਕਾ ਨੇ ਸੋਸ਼ਲ ਮੀਡੀਆ ’ਤੇ ਕਰੀਨਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਉਹ ਦੋਵੇਂ ਜਣੀਆਂ ‘ਪਾਊਟ’ ਬਣਾਉਂਦੀਆਂ ਸੜਕ ’ਤੇ ਤੁਰੀਆਂ ਜਾਂਦੀਆਂ ਦਿਖਾਈ ਦਿੰਦੀਆਂ ਹਨ। ਉਨ੍ਹਾਂ ਨੇ ਸਰਦੀਆਂ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਉਹ ਬਹੁਤ ਸ਼ਾਨਦਾਰ ਨਜ਼ਰ ਆ ਰਹੀਆਂ ਹਨ। ਇਕ ਹੋਰ ਤਸਵੀਰ ’ਚ ਉਹ ਛਤਰੀ ਲੈ ਕੇ ਜਾਂਦੀਆਂ ਨਜ਼ਰ ਆਉਂਦੀਆਂ ਹਨ। ਸੋਸ਼ਲ ਮੀਡੀਆ ’ਤੇ ਕਰੀਨਾ ਅਤੇ ਮਲਾਇਕਾ ਦੀ ਤਸਵੀਰ ਨੂੰ ਪਸੰਦ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਅਤੇ ਲੋਕਾਂ ਨੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਅੰਮ੍ਰਿਤਾ ਅਰੋੜਾ ਨੇ ਆਖਿਆ,‘‘ਮੇਰੀਆਂ ਛੈਲ-ਛਬੀਲੀਆਂ ਕੁੜੀਆਂ।’’ ਇੱਕ ਹੋਰ ਨੇ ਆਖਿਆ,‘‘ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹਨ।’’ ਮਲਾਇਕਾ ਅਰੋੜਾ ਦਾ ਦੋਸਤ ਅਰਜੁਨ ਕਪੂਰ ਵੀ ਲੰਡਨ ਵਿੱਚ ਹੈ। ਹਾਲ ਹੀ ਵਿੱਚ ਅਰਜੁਨ ਤੇ ਮਲਾਇਕਾ ਨੇ ਸਟੈਮਫੋਰਡ ਬ੍ਰਿਜ ਸਟੇਡੀਅਮ ਵਿੱਚ ਫੁਟਬਾਲ ਦਾ ਮੈਚ ਦੇਖਿਆ ਸੀ। ਅਰਜੁਨ ਕਪੂਰ ਆਪਣੀ ਪਸੰਦੀਦਾ ਟੀਮ ‘ਚੈਲਸੀ ਐੱਫਸੀ’ ਦੀ ਹੌਸਲਾ ਅਫ਼ਜ਼ਾਈ ਵਾਸਤੇ ਗਿਆ ਸੀ, ਜਿਸ ਨੇ ਇਸ ਮੁਕਾਬਲੇ ਵਿੱਚ ‘ਮਿਲਾਨ’ ਨੂੰ ਹਰਾਇਆ।

Add a Comment

Your email address will not be published. Required fields are marked *