‘ਕਾਂਤਾਰਾ’ ਦੀ ਕਮਾਈ 400 ਕਰੋੜ ਪਾਰ, 16 ਕਰੋੜ ’ਚ ਬਣੀ ਫ਼ਿਲਮ ਨੇ ਬਣਾ ਲਿਆ ਵੱਡਾ ਰਿਕਾਰਡ

ਮੁੰਬਈ – ਕੰਨੜਾ ਸਿਨੇਮਾ ਦੀ ਫ਼ਿਲਮ ‘ਕਾਂਤਾਰਾ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਿਸ਼ਬ ਸ਼ੈੱਟੀ ਦੀ ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਫ਼ਿਲਮ ‘ਕਾਂਤਾਰਾ’ ਨੇ ਦੁਨੀਆ ਭਰ ’ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇੰਨੀ ਕਮਾਈ ਕਰਨ ਵਾਲੀ ਇਹ ਦੂਜੀ ਕੰਨੜਾ ਫ਼ਿਲਮ ਬਣ ਗਈ ਹੈ। ਇੰਨਾ ਹੀ ਨਹੀਂ, ਇਹ ਕਰਨਾਟਕ ’ਚ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਵੀ ਬਣ ਚੁੱਕੀ ਹੈ। 400 ਕਰੋੜ ਰੁਪਏ ਦੀ ਕਮਾਈ ਦੇ ਨਾਲ ਰਿਸ਼ਬ ਸ਼ੈੱਟੀ ਦੀ ‘ਕਾਂਤਾਰਾ’ ਨੇ ਯਸ਼ ਦੀ ‘ਕੇ. ਜੀ. ਐੱਫ. ਚੈਪਟਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

ਫ਼ਿਲਮ ‘ਕਾਂਤਾਰਾ’ ਦਾ ਕੁਲ ਬਜਟ ਸਿਰਫ 16 ਕਰੋੜ ਰੁਪਏ ਸੀ। ਰਿਲੀਜ਼ ਤੋਂ ਪਹਿਲਾਂ ਇਸ ਦੇ 100 ਕਰੋੜ ਰੁਪਏ ਕਮਾਉਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਪਰ ਇਸ ਫ਼ਿਲਮ ਨੇ ਆਪਣੀ ਲਾਗਤ ਤੋਂ ਕਈ ਗੁਣਾ ਵੱਧ ਕਮਾਈ ਕਰ ਲਈ ਹੈ। ਬੀਤੇ 2 ਮਹੀਨਿਆਂ ਤੋਂ ਰਿਸ਼ਬ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ’ ਸਿਨੇਮਾਘਰਾਂ ’ਚ ਰਿਲੀਜ਼ ਹੈ।

ਇਸ ਫ਼ਿਲਮ ਨੇ 2 ਮਹੀਨੇ ਦੇ ਅੰਦਰ ਪੂਰੀ ਦੁਨੀਆ ’ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਐਤਵਾਰ ਨੂੰ ਫ਼ਿਲਮ ਨੇ ਕਰਨਾਟਕ ਅੰਦਰ 155 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਸੀ। ਇਸ ਦੇ ਨਾਲ ਫ਼ਿਲਮ ਨੇ ‘ਕੇ. ਜੀ. ਐੱਫ. ਚੈਪਟਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

ਉਥੇ ਮੰਗਲਵਾਰ ਤਕ ਫ਼ਿਲਮ ‘ਕਾਂਤਾਰਾ’ ਨੇ ਇਕੱਲਿਆਂ ਕਰਨਾਟਕ ’ਚ 160 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉਥੇ ਹਿੰਦੀ ਭਾਸ਼ਾ ’ਚ ਵੀ ਰਿਸ਼ਬ ਸ਼ੈੱਟੀ ਦੀ ਇਸ ਫ਼ਿਲਮ ਨੂੰ ਕਾਫੀ ਪਿਆਰ ਮਿਲਿਆ ਹੈ। ਫ਼ਿਲਮ ਨੇ ਹੁਣ ਤਕ ਹਿੰਦੀ ਭਾਸ਼ਾ ’ਚ 82 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ ਤੇਲਗੂ ’ਚ 42 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਦੱਸ ਦੇਈਏ ਕਿ ‘ਕਾਂਤਾਰਾ’ ਇਸ ਸਾਲ ਦੀ ਛੇਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਦ ਹੀ ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਨੂੰ ਪਿੱਛੇ ਛੱਡ ਕੇ ਪੰਜਵੇਂ ਨੰਬਰ ’ਤੇ ਆ ਸਕਦੀ ਹੈ। ਫ਼ਿਲਮ ‘ਵਿਕਰਮ’ ਨੇ ਕੁਲ 414 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਚੌਥੇ ਨੰਬਰ ’ਤੇ ਰਣਬੀਰ ਕਪੂਰ ਦੀ ‘ਬ੍ਰਹਮਾਸਤਰ’ ਹੈ, ਜਿਸ ਨੇ 431 ਰੁਪਏ ਦੀ ਕਮਾਈ ਕੀਤੀ ਹੈ।

Add a Comment

Your email address will not be published. Required fields are marked *