ਕਾਂਗਰਸ ਨੂੰ ਝਟਕਾ, ਸਾਬਕਾ ਮੰਤਰੀ ਸੁਖਰਾਮ ਦੇ ਪੋਤੇ ਆਸ਼ਰਯ ਸ਼ਰਮਾ ਨੇ ਦਿੱਤਾ ਅਸਤੀਫ਼ਾ

ਮੰਡੀ- ਹਿਮਾਚਲ ’ਚ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਹਿਮਾਚਲ ਦੇ ਇਕ ਹੋਰ ਨੇਤਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਵਿਧਾਇਕ ਅਨਿਲ ਸ਼ਰਮਾ ਦੇ ਪੁੱਤਰ ਆਸ਼ਰਯ ਸ਼ਰਮਾ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੰਡੀ ਸੰਸਦੀ ਖੇਤਰ ਤੋਂ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਚੁੱਕੇ ਅਤੇ ਮੌਜੂਦਾ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਆਸ਼ਰਯ ਸ਼ਰਮਾ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ। 

ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਆਸ਼ਰਯ ਸ਼ਰਮਾ ਨੇ ਕਾਂਗਰਸ ਪਾਰਟੀ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਿਭਾ ਸਿੰਘ ਸਮੇਤ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਕੌਲ ਸਿੰਘ ’ਤੇ ਵੀ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਰਾਸ਼ਟਰੀ ਪਾਰਟੀ ਨਾ ਰਹਿ ਕੇ ਪ੍ਰਾਈਵੇਟ ਲਿਮਟਿਡ ਫਰਮ ਬਣ ਚੁੱਕੀ ਹੈ, ਜਿਸ ’ਚ ਮਾਂ ਹੀ ਸੰਸਦ ਮੈਂਬਰ ਹੈ, ਮਾਂ ਹੀ ਪ੍ਰਧਾਨ ਹੈ ਅਤੇ ਪੁੱਤਰ ਵਿਧਾਇਕ ਅਤੇ ਸਾਰੇ ਸੰਗਠਨਾਂ ਦੇ ਮੁਖੀ ਹਨ।

ਦੱਸ ਦੇਈਏ ਕਿ ਆਸ਼ਰਯ ਸ਼ਰਮਾ ਸਵ. ਪੰਡਿਤ ਸੁਖਰਾਮ ਦੇ ਪੋਤੇ ਅਤੇ ਮੰਡੀ ਸਦਰ ਦੇ ਵਿਧਾਇਕ ਅਨਿਲ ਸ਼ਰਮਾ ਦੇ ਪੁੱਤਰ ਹਨ। ਆਸ਼ਰਯ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ’ਚ ਟਿਕਟਾਂ ਦੀ ਖਰੀਦੋ-ਫ਼ਰੋਖਤ ਚਲ ਰਹੀ ਹੈ। ਹਾਲ ਹੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ਰਯ ਦੇ ਪਿਤਾ ਨੇ ਕਿਹਾ ਸੀ ਕਿ ਮੈਂ ਅਤੇ ਮੇਰਾ ਪੂਰਾ ਪਰਿਵਾਰ ਹੁਣ ਭਾਜਪਾ ਨਾਲ ਹੈ। ਉਨ੍ਹਾਂ ਨੇ ਕਿਹਾ ਸੀ ਕਿ ਆਸ਼ਰਯ ਸ਼ਰਮਾ ਵੀ ਭਾਜਪਾ ਦਾ ਹੀ ਸਹਿਯੋਗ ਕਰਨਗੇ। ਦੱਸ ਦੇਈਏ ਕਿ 10 ਅਕਤੂਬਰ ਨੂੰ ਮੰਡੀ ’ਚ ਹੋਣ ਵਾਲੇ ਮੰਡੀ ਸੰਸਦੀ ਖੇਤਰ ਦੇ ਪੰਚ ਪਰਮੇਸ਼ਵਰ ਸਮਾਰੋਹ ’ਚ ਆਸ਼ਰਯ ਸ਼ਰਮਾ ਭਾਜਪਾ ’ਚ ਸ਼ਾਮਲ ਹੋਣਗੇ।

Add a Comment

Your email address will not be published. Required fields are marked *