ਸੈਲਫੀ ਲੈਣ ਤੋਂ ਮਨ੍ਹਾਂ ਕਰਨ ’ਤੇ ਕ੍ਰਿਕਟਰ ਪ੍ਰਿਥਵੀ ਦੀ ਗੱਡੀ ਭੰਨੀ
![](http://mehakewattan.com/wp-content/uploads/2023/02/2023_2largeimg_1507453238.jpg)
ਮੁੰਬਈ, 16 ਫਰਵਰੀ-: ਮੁੰਬਈ ਦੇ ਓਸ਼ੀਵਾੜਾ ਵਿੱਚ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਸੈਲਫੀ ਲੈਣ ਤੋਂ ਹੋਏ ਝਗੜੇ ਮਗਰੋਂ ਕਥਿਤ ਜਬਰੀ ਵਸੂਲੀ ਅਤੇ ਗ਼ੈਰਕਾਨੂੰਨੀ ਤੌਰ ’ਤੇ ਇਕੱਠੇ ਹੋਣ ਦੇ ਦੋਸ਼ ਹੇਠ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਅੱਜ ਸਾਂਝੀ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕ੍ਰਿਕਟਰ ਸਾਂਤਾਕਰੂਜ਼ ’ਚ ਹਵਾਈ ਅੱਡੇ ਨੇੜੇ ਸਥਿਤ ਇਕ ਹੋਟਲ ਵਿੱਚ ਆਪਣੇ ਕਾਰੋਬਾਰੀ ਦੋਸਤ ਨਾਲ ਰਾਤ ਦਾ ਖਾਣਾ ਖਾਣ ਗਏ ਸਨ। ਸ਼ਾਅ ਦੇ ਦੋਸਤ ਅਸ਼ੀਸ਼ ਯਾਦਵ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ਾਅ ਨਾਲ ਸੈਲਫੀ ਲੈਣ ਦੀ ਇੱਛਾ ਜਤਾਈ। ਪਹਿਲਾਂ ਤਾਂ ਕ੍ਰਿਕਟਰ ਨੇ ਉਸ ਵਿਅਕਤੀ ਨਾਲ ਸੈਲਫੀ ਲੈ ਲਈ ਪਰ ਲਗਾਤਾਰ ਤਸਵੀਰਾਂ ਖਿਚਵਾਉਣ ਲਈ ਆਖੇ ਜਾਣ ’ਤੇ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਮਗਰੋਂ ਉਹ ਉਸ ਨਾਲ ਬਹਿਸ ਕਰਨ ਲੱਗ ਪਏ ਅਤੇ ਕ੍ਰਿਕਟਰ ਨਾਲ ਦੁਰਵਿਹਾਰ ਕੀਤਾ। ਇਸ ਮਾਮਲੇ ਵਿੱਚ ਹੋਟਲ ਮੈਨੇਜਰ ਵੱਲੋਂ ਕੰਪਲੈਕਸ ਖਾਲੀ ਕਰਨ ਲਈ ਆਖੇ ਜਾਣ ’ਤੇ ਮੁਲਜ਼ਮ ਨਾਰਾਜ਼ ਹੋ ਗਏ। ਫਿਰ ਮੁਲਜ਼ਮਾਂ ਨੇ ਕ੍ਰਿਕਟਰ ਦੇ ਦੋਸਤ ਦੀ ਕਾਰ ਦਾ ਪਿੱਛਾ ਕੀਤਾ ਅਤੇ ਜੋਗੇਸ਼ਵਰੀ ਲਿੰਕ ਰੋਡ ਨੇੜੇ ਹਮਲਾ ਕਰਦਿਆਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਨੇ ਫਰਜ਼ੀ ਮਾਮਲੇ ਵਿੱਚ ਕਾਰ ਸਵਾਰ ਦਾ ਨਾਮ ਨਾ ਲੈਣ ਲਈ 50 ਹਜ਼ਾਰ ਦੀ ਰੁਪਏ ਮੰਗ ਕੀਤੀ। ਕਾਰ ਸਵਾਰ ਨੇ ਓਸ਼ੀਵਾੜਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।’’ ਓਸ਼ੀਵਾੜਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਜਬਰੀ ਵਸੂਲੀ ਅਤੇ ਗ਼ੈਰਕਾਨੂੰਨੀ ਤੌਰ ’ਤੇ ਇਕੱਠੇ ਹੋਣ ਦੇ ਦੋਸ਼ ਹੇਠ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਨੇ ਦੋਸ਼ ਲਾਇਆ ਕਿ ਘਟਨਾ ਮੌਕੇ ਕ੍ਰਿਕਟਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਦੂਜੀ ਵਾਰ ਸੈਲਫੀ ਲਏ ਜਾਣ ’ਤੇ ਆਖੇ ਜਾਣ ’ਤੇ ਉਸ ਨੇ ਉਸ ਦੀ ਮੁਵੱਕਿਲ ’ਤੇ ਬੱਲੇ ਨਾਲ ਹਮਲਾ ਕੀਤਾ।