ਸਾਈਕਲ ਚੋਰੀ ਦਾ ਮਾਮਲਾ ਲੈ ਕੇ ਪ੍ਰਵਾਸੀ ਭਾਰਤੀ ਪਹੁੰਚਿਆ ਹਾਈਕੋਰਟ

ਮਾਹਿਲਪੁਰ – ਇਕ ਪ੍ਰਵਾਸੀ ਭਾਰਤੀ ਨੂੰ ਮਾਹਿਲਪੁਰ ਵਿਖੇ  ਪਿੰਡ ਬਿੰਜੋਂ ਵਿਚ ਸਥਿਤ ਘਰ ਵਿਚ ਖੜ੍ਹੇ ਸਾਈਕਲ ਚੋਰੀ ਹੋ ਜਾਣ ਦੇ ਮਾਮਲੇ ਨੂੰ ਦਰਜ ਕਰਵਾਉਣ ਲਈ ਇਕ ਸਾਲ ਲੱਗ ਗਿਆ। ਮਾਹਿਲਪੁਰ ਪੁਲਸ ਨੇ ਮਾਮਲਾ ਉਸ ਸਮੇਂ ਦਰਜ ਕੀਤਾ ਜਦੋਂ ਇੰਗਲੈਂਡ ਵਿਚ ਰਹਿੰਦੇ ਪੀੜਤ ਪ੍ਰਵਾਸੀ ਭਾਰਤੀ ਨੇ ਆਪਣੇ ਓਧਰਲੇ ਵਕੀਲ ਰਾਹੀਂ ਪੁਲਸ ਦੇ ਉੱਚ ਅਫ਼ਸਰਾਂ ਨੂੰ ਪੱਤਰ ਲਿਖ ਕੇ ਉੱਚ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ ਸਾਲ ਬਾਅਦ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੰਗਲੈਂਡ ਰਹਿੰਦੇ ਪ੍ਰਵਾਸੀ ਭਾਰਤੀ ਅਜੇ ਕੁਮਾਰ ਪੁੱਤਰ ਧਰਮਪਾਲ ਵਾਸੀ ਬਿੰਜੋਂ ਦੇ ਵਕੀਲ ਡੇਵਿਡ ਵਿੰਡਸਰ ਨੇ ਡੀ. ਜੀ. ਪੀ. ਪੰਜਾਬ ਨੂੰ ਲਿਖੇ ਪੱਤਰ ਵਿਚ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੇ ਕਲਾਇੰਟ ਅਜੇ ਕੁਮਾਰ ਦਾ ਉਸ ਦੇ ਪਿੰਡ ਬਿੰਜੋਂ ਤੋਂ ਸਾਈਕਲ ਚੋਰੀ ਹੋ ਗਿਆ ਸੀ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਉਸ ਤੋਂ ਬਾਅਦ ਉਹ ਵਾਪਸ ਇੰਗਲੈਂਡ ਆ ਗਿਆ ਅਤੇ ਈਮੇਲ ਅਤੇ ਹੋਰ ਸਾਧਨਾਂ ਰਾਹੀਂ ਪੁਲਸ ਨੂੰ ਮਾਮਲਾ ਦਰਜ ਕਰਨ ਲਈ ਪੱਤਰ ਲਿੱਖਦਾ ਰਿਹਾ। ਉਸ ਤੋਂ ਬਾਅਦ ਤਿੰਨ ਵਾਰ ਉਸ ਨੇ ਸੂਚਨਾ ਅਧਿਕਾਰ ਐਕਟ ਰਾਹੀਂ ਵੀ ਸੂਚਨਾ ਮੰਗੀ ਕਿ ਉਸ ਦੀ ਅਰਜ਼ੀ ’ਤੇ ਕਿਹੜੀ ਕਾਰਵਾਈ ਕੀਤੀ ਪਰ ਪੁਲਸ ਵੱਲੋਂ ਹਰ ਵਾਰ ਪੜਤਾਲ ਜਾਰੀ ਹੈ, ਕਹਿ ਕੇ ਉਸ ਨੂੰ ਨਿਰਾਸ਼ ਕੀਤਾ ਜਾਂਦਾ ਰਿਹਾ।

ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ ਮਾਮਲਾ ਦਰਜ ਕਰਵਾਉਣ ਲਈ ਉੱਚ ਅਦਾਲਤ ਚੰਡੀਗੜ੍ਹ ਵਿਖ਼ੇ ਪਟੀਸ਼ਨ ਦਾਇਰ ਕਰਨੀ ਪਈ ਪਰ ਕੁਝ ਵੀ ਅਸਰ ਨਾ ਹੋਇਆ। ਡੇਵਿਡ ਵਿੰਡਸਰ ਵੱਲੋਂ ਲਿਖੇ ਪੱਤਰ ਅਨੁਸਾਰ ਉਸ ਨੇ ਹੁਣ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖ਼ ਕੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਮਾਮਲਾ ਦਰਜ ਨਾ ਕੀਤਾ ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਐੱਸ. ਐੱਸ. ਪੀ. ਉੱਚ ਅਦਾਲਤ ਦਾ ਖ਼ਰਚਾ ਦੇਣਗੇ। ਅਜੇ ਕੁਮਾਰ ਦੇ ਵਕੀਲ ਦੇ ਕਰਾਰੇ ਜਿਹੇ ਪੱਤਰ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਤੁਰੰਤ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰਕੇ ਆਪਣੀ ਜਾਨ ਛੁਡਾਈ।

Add a Comment

Your email address will not be published. Required fields are marked *