ਮੂਸੇਵਾਲਾ ਕਤਲ: ਅਦਾਲਤ ਨੇ ਸੇਰਸਾ ਤੇ ਸਚਿਨ ਨੂੰ ਜੇਲ੍ਹ ਭੇਜਿਆ

  • ਗੈਂਗਸਟਰਾਂ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਕੀਤਾ ਜਾ ਸਕਦਾ ਹੈ ਤਬਦੀਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਦਿੱਲੀ ਤੋਂ ਲਿਆਂਦੇ ਗਏ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਹੈ। ਆਉਂਦੇ ਦਿਨੀਂ ਇਨ੍ਹਾਂ ਨੂੰ ਗੋਇੰਦਵਾਲ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਨੇ ਅੰਕਿਤ ਤੇ ਸਚਿਨ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਲਿਆ ਕੇ 15 ਜੁਲਾਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। 28 ਜੁਲਾਈ ਤੱਕ ਇਹ ਪੁਲੀਸ ਰਿਮਾਂਡ ’ਚ ਰਹੇ ਅਤੇ ਅੱਜ ਉਨ੍ਹਾਂ ਨੂੰ ਅਦਾਲਤ ਵੱਲੋਂ ਜੇਲ੍ਹ ਭੇਜਿਆ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੰਕਿਤ ਸੇਰਸਾ ਦੀ ਉਮਰ ਮਹਿਜ਼ 19 ਸਾਲ ਹੈ ਅਤੇ ਉਹ ਛੇ ਮਹੀਨੇ ਪਹਿਲਾਂ ਹੀ ਲਾਰੈਂਸ ਗਰੁੱਪ ਨਾਲ ਜੁੜਿਆ ਸੀ। ਉਸ ਨੇ ਸਿੱਧੂ ਮੂਸੇਵਾਲਾ ਦੇ ਸਭ ਤੋਂ ਨੇੜੇ ਜਾ ਕੇ ਦੋਵੇਂ ਹੱਥਾਂ ਨਾਲ ਗੋਲੀਆਂ ਮਾਰੀਆਂ ਸਨ। ਮਾਨਸਾ ਦੇ ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕਸ਼ਮੀਰੀ ਗੇਟ ਤੋਂ ਗਿ੍ਰਫ਼ਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਫੋਨ ਨੂੰ ਜਦੋਂ ਖੰਘਾਲਿਆ ਗਿਆ ਤਾਂ ਉਸ ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੰਕਿਤ ਸੇਰਸਾ ਨਾਲ ਪਿ੍ਰਆਵਰਤ ਫੌਜੀ, ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਦਾਨਾ ਰਾਮ ਜਸ਼ਨ ਮਨਾਉਂਦੇ ਨਜ਼ਰ ਆਏ ਹਨ। ਪੁਲੀਸ ਅਧਿਕਾਰੀ ਅਨੁਸਾਰ ਅੰਕਿਤ ਸੇਰਸਾ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਤਲ ਲਈ ਪਹਿਲਾਂ ਮੂੰਹ ਮੰਗੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਉਸ ਨੂੰ ਨਾ ਕੋਈ ਪੈਸੇ ਦਿੱਤੇ ਗਏ ਹਨ ਅਤੇ ਨਾ ਹੀ ਲਾਰੈਂਸ ਗੈਂਗ ਨੇ ਸਾਥ ਦਿੱਤਾ ਹੈ। 

Add a Comment

Your email address will not be published. Required fields are marked *