ਅੰਬਾਲਾ ‘ਚ ਬੇਅਦਬੀ, ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਚੋਰ

ਅੰਬਾਲਾ/ਹਰਿਆਣਾ : ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਚੋਰ ਜੁੱਤੀ ਪਾ ਕੇ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖੀ ਕਿਰਪਾਨ ਨਾਲ ਗੋਲਕ ਤੋੜ ਦਿੱਤੀ। ਇੰਨਾ ਹੀ ਨਹੀਂ, ਉਹ ਗੋਲਕ, ਲਾਊਡ ਸਪੀਕਰ ਅਤੇ ਇਲੈਕਟ੍ਰਿਕ ਚੁੱਲ੍ਹਾ ਚੁੱਕ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗੁਰਦੁਆਰਾ ਸਭਾ ਕਮੇਟੀ ਦੇ ਪ੍ਰਧਾਨ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ‘ਚ ਕੈਦ ਹੋਈ ਚੋਰੀ ਦੀ ਵਾਰਦਾਤ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਪ੍ਰਧਾਨ ਜਸਮੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ 23 ਜਨਵਰੀ ਨੂੰ ਵਾਪਰੀ ਸੀ। ਦੁਪਹਿਰ ਸਮੇਂ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਕਿਰਪਾਨ ਨਾਲ ਗੋਲਕ ਦਾ ਤਾਲਾ ਤੋੜਿਆ, ਜਿਸ ਤੋਂ ਬਾਅਦ ਗੋਲਕ ਦੇ ਨਾਲ ਹੀ ਲਾਊਡ ਸਪੀਕਰ ਅਤੇ ਇਲੈਕਟ੍ਰਿਕ ਚੁੱਲ੍ਹਾ ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇਕ ਨੌਜਵਾਨ ਮੂੰਹ ’ਤੇ ਕੱਪੜਾ ਬੰਨ੍ਹ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਸੀ। ਮੁਲਜ਼ਮ ਜੁੱਤੀ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਹੁੰਚਿਆ ਅਤੇ ਗੋਲਕ ਨੂੰ ਤਲਵਾਰ ਨਾਲ ਤੋੜ ਦਿੱਤਾ, ਜਿਸ ਤੋਂ ਬਾਅਦ ਉਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਚੋਰੀ ‘ਚ ਪਿੰਡ ਦੇ ਹੀ ਨੌਜਵਾਨ ਦਾ ਹੱਥ ਹੋਣ ਦੇ ਲੱਗੇ ਇਲਜ਼ਾਮ

ਕਮੇਟੀ ਪ੍ਰਧਾਨ ਜਸਮੀਤ ਸਿੰਘ ਨੇ ਦੋਸ਼ ਲਾਇਆ ਕਿ ਇਸ ਚੋਰੀ ਪਿੱਛੇ ਪਿੰਡ ਦੇ ਹੀ ਸੰਦੀਪ ਨਾਂ ਦੇ ਨੌਜਵਾਨ ਦਾ ਹੱਥ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਵਿੱਚ ਸੰਦੀਪ ਦੇ ਨਾਲ ਇਕ ਹੋਰ ਨੌਜਵਾਨ ਵੀ ਸ਼ਾਮਲ ਸੀ। ਫਿਲਹਾਲ ਪੁਲਸ ਨੇ ਪ੍ਰਧਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Add a Comment

Your email address will not be published. Required fields are marked *