ਜਲੰਧਰ ਸ਼ਹਿਰ ਦੀਆਂ 36 ਥਾਵਾਂ ’ਤੇ ਮਨਾਇਆ ਜਾਵੇਗਾ ਦੁਸਹਿਰਾ, 1500 ਪੁਲਸ ਕਰਮਚਾਰੀ ਰਹਿਣਗੇ ਤਾਇਨਾਤ

ਜਲੰਧਰ – ਜਲੰਧਰ ਸ਼ਹਿਰ ਦੀਆਂ 36 ਥਾਵਾਂ ’ਤੇ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ 1500 ਪੁਲਸ ਕਰਮਚਾਰੀ ਸ਼ਹਿਰ ਵਿਚ ਤਾਇਨਾਤ ਰਹਿਣਗੇ।  ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਜਲੰਧਰ ਕਮਿਸ਼ਨਰੇਟ ਦੇ ਹੁਕਮਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਵਾਸਤੇ ਏ. ਡੀ. ਜੀ. ਪੀ. ਐੱਨ. ਕੇ. ਅਰੋੜਾ ਪਹੁੰਚੇ, ਜਿਨ੍ਹਾਂ ਨਾਲ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡਾ. ਅੰਕੁਰ ਗੁਪਤਾ ਡੀ. ਸੀ. ਪੀ. ਲਾਅ ਐਂਡ ਆਰਡਰ ਆਦਿ ਨੇ ਸ਼ਹਿਰ ਦੀਆਂ 36 ਥਾਵਾਂ ’ਤੇ ਦੁਸਹਿਰਾ ਗਰਾਊਂਡਾਂ ਦਾ ਦੌਰਾ ਕੀਤਾ।

ਪੁਲਸ ਕਮਿਸ਼ਨਰ ਸੰਧੂ ਨੇ ਦੱਸਿਆ ਕਿ 36 ਵਿਚੋਂ 8 ਥਾਵਾਂ ’ਤੇ ਵੱਡੇ ਅਤੇ ਬਾਕੀ 28 ਥਾਵਾਂ ਛੋਟੇ ਪੱਧਰ ’ਤੇ ਦੁਸਹਿਰੇ ਦਾ ਆਯੋਜਨ ਹੋਵੇਗਾ। ਇਸ ਦੇ ਲਈ ਸ਼ਹਿਰ ਵਿਚ ਕੁੱਲ 25 ਚੌਂਕੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 1500 ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਫਿਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਦੁਸਹਿਰਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਕਿ ਕੋਈ ਵੀ ਮੰਦਭਾਗੀ ਘਟਨਾ ਨਾ ਵਾਪਰੇ।

ਕੈਂਟ ’ਚ ਏ. ਡੀ. ਜੀ. ਪੀ. ਐੱਨ. ਕੇ. ਅਰੋੜਾ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਨੂੰ ਵੀ ਮਿਲੇ
ਜਲੰਧਰ ਕੈਂਟ ਦੀ ਦੁਸਹਿਰਾ ਗਰਾਊਂਡ ਵਿਚ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਵੱਡੇ ਪੱਧਰ ’ਤੇ ਕਰਵਾਏ ਜਾਂਦੇ ਦੁਸਹਿਰਾ ਸਮਾਗਮ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਰੂਪ ਵਿਚ ਏ. ਡੀ. ਜੀ. ਪੀ. ਹਿਊਮਨ ਰਾਈਟਸ ਪੰਜਾਬ ਐੱਨ. ਕੇ. ਅਰੋੜਾ ਜਲੰਧਰ ਕੈਂਟ ਪਹੁੰਚੇ। ਉਨ੍ਹਾਂ ਨਾਲ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਤੋਂ ਇਲਾਵਾ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਅਤੇ ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਵੀ ਮੌਜੂਦ ਸਨ।
ਏ. ਡੀ. ਜੀ. ਪੀ. ਨੇ ਪੁਲਸ ਅਧਿਕਾਰੀਆਂ ਨੂੰ ਦੁਸਹਿਰੇ ਦੇ ਮੌਕੇ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਏ. ਸੀ. ਪੀ. ਬਬਨਦੀਪ ਸਿੰਘ ਨੇ ਉਨ੍ਹਾਂ ਨੂੰ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਏ. ਡੀ. ਜੀ. ਪੀ. ਐੱਨ. ਕੇ. ਅਰੋੜਾ ਨੇ ਦੁਸਹਿਰਾ ਸਮਾਗਮ ਦੇ ਪ੍ਰਬੰਧਕਾਂ ਨਾਲ ਵੀ ਮੁਲਾਕਾਤ ਕੀਤੀ।

ਆਦਰਸ਼ ਨਗਰ ਚੌਪਾਟੀ ਦੇ ਸਾਹਮਣੇ ਪਾਰਕ ’ਚ ਪਹੁੰਚੇ ਸੀਨੀਅਰ ਪੁਲਸ ਅਧਿਕਾਰੀ
ਆਦਰਸ਼ ਨਗਰ ਮਾਰਕੀਟ ਵਿਚ ਲੱਗਦੀ ਚੌਪਾਟੀ ਦੇ ਸਾਹਮਣੇ ਵਾਲੇ ਪਾਰਕ ਵਿਚ ਦੁਸਹਿਰੇ ਦਾ ਆਯੋਜਨ 5 ਅਕਤੂਬਰ ਨੂੰ ਹੈ, ਜਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਲਈ ਸੀਨੀਅਰ ਪੁਲਸ ਅਧਿਕਾਰੀਆਂ ਨੇ ਅੱਜ ਪਾਰਕ ਦਾ ਦੌਰਾ ਕੀਤਾ। ਇਸ ਦੌਰਾਨ ਉਪਕਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਸਮੀਰ ਮਰਵਾਹਾ ਗੋਲਡੀ, ਰਮੇਸ਼ ਸ਼ਰਮਾ, ਸੁਰੇਸ਼ ਸੇਠੀ, ਰਜਨੀਸ਼ ਧੁੱਸਾ, ਰਾਜਿੰਦਰ ਸੰਧੀਰ, ਹਰਜਿੰਦਰ ਲਾਡਾ, ਗੁਰਮੀਤ ਬਸਰਾ, ਅਭੀ ਕਪੂਰ, ਪਾਰਸ, ਅੰਕੁਰ ਕੌਸ਼ਲ ਅਤੇ ਕਰਣ ਵਰਮਾ ਮੌਜੂਦ ਰਹੇ। ਸਾਰਿਆਂ ਨੇ ਆਯੋਜਨ ਦੌਰਾਨ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

Add a Comment

Your email address will not be published. Required fields are marked *