ਪੰਜਾਬ ਸਰਕਾਰ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ: ਚਰਨਜੀਤ ਚੰਨੀ

ਖਰੜ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਮੈਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੀ ਹੈ, ਕਿਸੇ ਵਲੋਂ ਸੋਚ ਸਮਝ ਕੇ ਬੇ-ਬੁਨਿਆਦ ਕਹਾਣੀ ਬਣਾ ਕੇ ਮੇਰੇ ਖਿਲਾਫ਼ ਸਾਜਿਸ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਖਰੜ ਸਥਿਤ ਆਪਣੀ ਰਿਹਾਇਸ਼ ਵਿਖੇ ਚੋਣਵੇਂ ਨਿਊਜ਼ ਚੈਨਲਾਂ ਨਾਲ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਅਪਣਾ ਕੇ ਮੈਨੂੰ ਅੰਦਰ ਕਰਨਾ ਚਾਹੁੰਦੀ ਹੈ।

ਸਾਬਕਾ ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ’ਚ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦੇ ਉਦਘਾਟਨੀ ਪ੍ਰੋਗਰਾਮ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਕਥਿਤ ਇਲਜ਼ਾਮਾਂ ਤਹਿਤ ਵਿਜੀਲੈਂਸ ਵਲੋਂ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਸਬੰਧੀ ਕਿਹਾ ਕਿ ਮੇਰੇ ’ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ, ਇਸ ਦੇ ਵਿਚ ਕੱਢਣ-ਪਾਉਣ ਨੂੰ ਕੁਝ ਵੀ ਨਹੀਂ ਮੈਨੂੰ ਬਦਨਾਮ ਕਰਨ ਲਈ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ।
               

ਚੰਨੀ ਨੇ ਕਿਹਾ ਮੇਰੇ ਲੜਕੇ ਦਾ ਵਿਆਹ 10 ਅਕਤੂਬਰ ਨੂੰ ਸੀ, ਉਸ ਸਮੇਂ ਸ੍ਰੀ ਚਮਕੌਰ ਸਾਹਿਬ ਦੇ ਥੀਮ ਪਾਰਕ ਦੇ ਪ੍ਰੋਗਰਾਮ ਦੀ ਕੋਈ ਗੱਲ ਵੀ ਨਹੀਂ ਸੀ ਨਾ ਕੋਈ ਤਾਰੀਖ਼ ਤਹਿ ਸੀ, ਵਿਆਹ ਤੋਂ ਸਵਾ ਮਹੀਨਾ ਬਾਅਦ ਇਹ ਪ੍ਰੋਗਰਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦਾ ਆਪਸ ’ਚ ਕੋਈ ਵੀ ਸਬੰਧ ਨਹੀਂ ਹੈ ਅਤੇ ਜਾਣਬੁੱਝ ਕੇ ਉਨ੍ਹਾਂ ’ਤੇ ਘਿਨਾਉਣੇ ਇਲਜ਼ਾਮ ਲਗਾਏ ਗਏ ਹਨ, ਜਿਹੜਾ ਕਿ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ ਕਿ ਸ੍ਰੀ ਚਮਕੌਰ ਸਾਹਿਬ ਦੇ ਪ੍ਰੋਗਰਾਮ ਵਿਚੋਂ ਅਸੀਂ ਆਪਣੇ ਮੁੰਡੇ ਦੇ ਵਿਆਹ ’ਤੇ ਪੈਸੇ ਲਗਾਵਾਂਗੇ। 

ਜੇਕਰ ਮੈਨੂੰ ਫੜਨਾ ਹੈ ਤਾਂ ਕੋਈ ਚੰਗਾ ਇਲਜ਼ਾਮ ਲਗਾਉਣਾ ਚਾਹੀਦਾ ਹੈ, ਜਦੋਂ ਤੋਂ ਮੈਂ ਵਿਦੇਸ਼ ਤੋਂ ਆਇਆ ਹਾਂ ਵਿਜੀਲੈਂਸ ਵਲੋਂ ਉਦੋਂ ਤੋਂ ਮੈਨੂੰ ਫੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੇਰੇ ਬੈਂਕ ਖਾਤੇ, ਜ਼ਮੀਨ ਦੇ ਰਿਕਾਰਡ ਆਦਿ ਅਤੇ ਲੋਕਾਂ ਤੋਂ ਮੇਰੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਦਲਾਖੋਰੀ ਦੀ ਨੀਤੀ ਨਾਲ ਕੀਤਾ ਜਾ ਰਿਹਾ ਹੈ।

ਸਰਕਾਰ ਕੋਲ ਲੋਕਾਂ ਨੂੰ ਦਿਖਾਉਣ ਲਈ ਹੋਰ ਕੁਝ ਹੈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਸਗੋਂ ਕਾਂਗਰਸ ਮੁਕਤ ਪੰਜਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕੁਝ ਨਹੀਂ ਹੋਣਾ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਪਹਿਲਾਂ ਵੀ ਅਜਿਹੇ ਝੂਠੇ ਕੇਸ ਬਣਾਏ ਜਾ ਚੁੱਕੇ ਹਨ ਪਰ ਕਿਸੇ ਵਿਚੋਂ ਕੁਝ ਨਹੀਂ ਨਿਕਲਿਆ।

Add a Comment

Your email address will not be published. Required fields are marked *