ਸੰਗਰੂਰ ’ਚ ਮਰਨ ਵਰਤ ’ਤੇ ਡਟੇ ਬੇਰੁਜ਼ਗਾਰ ਅਧਿਆਪਕ

ਸੰਗਰੂਰ, 4 ਅਕਤੂਬਰ

ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੰਗਰੂਰ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਲਗਾਤਾਰ ਤੀਜੇ ਦਿਨ ਵੀ ਮਰਨ ਵਰਤ ’ਤੇ ਡਟੇ ਹੋਏ ਹਨ। ਮਰਨ ਵਰਤ ਕੈਂਪ ਵਿਚ ਸਾਥੀ ਬੇਰੁਜ਼ਗਾਰ ਅਧਿਆਪਕ ਵੀ ਹਮਾਇਤ ਵਿਚ ਰੋਸ ਧਰਨੇ ’ਤੇ ਬੈਠੇ ਹਨ। ਅੱਜ ਪੰਜਾਬ ਰਾਜ ਬਿਜਲੀ ਬੋਰਡ ਦੇ ਜੁਆਇੰਟ ਫੋਰਮ ਦੇ ਆਗੂਆਂ ਅਸ਼ਵਨੀ ਸ਼ਰਮਾ ਅਤੇ ਫਲਜੀਤ ਸਿੰਘ ਨੇ ਮਰਨ ਵਰਤ ਕੈਂਪ ਵਿਚ ਸ਼ਮੂਲੀਅਤ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਦੀ ਸੰਘਰਸ਼ ਦੀ ਹਮਾਇਤ ਕੀਤੀ। 2364 ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਦੋ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਮਰਨ ਵਰਤ ’ਤੇ ਬੈਠੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਅੱਜ ਸੁਰਿੰਦਰਪਾਲ ਗੁਰਦਾਸਪੁਰ ਦੇ ਸਿਰ ਵਿਚ ਦਰਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਬਣਨ ਸਰਕਾਰ ਤੋਂ ਪਹਿਲਾਂ ਬਤੌਰ ਸੰਸਦ ਮੈਂਬਰ ਭਗਵੰਤ ਮਾਨ ਹਰ ਸਟੇਜ ਤੋਂ ਵਾਅਦਾ ਕਰਦੇ ਸਨ ਕਿ ‘ਆਪ’ ਦੀ ਸਰਕਾਰ ਬਣਨ ’ਤੇ ਕਿਸੇ ਨੂੰ ਧਰਨੇ, ਪ੍ਰਦਰਸ਼ਨਾਂ ਤੇ ਭੁੱਖ ਹੜਤਾਲਾਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿਰਫ਼ ਪਾਰਟੀ ਹੀ ਬਦਲੀ ਹੈ ਪਰ ਸੱਤਾ ਪਹਿਲੀਆਂ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ। ਮਰਨ ਵਰਤ ’ਤੇ ਬੈਠੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਈਟੀਟੀ ਟੈਟ ਪਾਸ 2364 ਅਧਿਆਪਕਾਂ ਦੀ ਭਰਤੀ ਨੂੰ ਬਹਾਲ ਕਰਾਉਣ ਲਈ ਸਰਕਾਰ ਵਲੋਂ ਅਦਾਲਤ ਵਿਚ ਹਲਫ਼ਨਾਮਾ ਦਾਇਰ ਨਹੀਂ ਕੀਤਾ ਜਾ ਰਿਹਾ।

Add a Comment

Your email address will not be published. Required fields are marked *