ਸਾਬਕਾ ਮੰਤਰੀ ਤੇ ਭਾਜਪਾ ਆਗੂ ਚੌਧਰੀ ਸਵਰਨਾ ਰਾਮ ਦਾ ਦੇਹਾਂਤ

ਫਗਵਾੜਾ, 1 ਅਪਰੈਲ-: ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ (84) ਦਾ ਅੱਜ ਸ਼ਾਮ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਚੌਧਰੀ ਸਵਰਨਾ ਰਾਮ ਵਿਧਾਨ ਸਭਾ ਦੇ ਡਿਪਟੀ ਸਪੀਕਰ, ਸਿੱਖਿਆ ਮੰਤਰੀ, ਤਕਨੀਕੀ ਸਿੱਖਿਆ ਤੇ ਸਮਾਜ ਭਲਾਈ ਮੰਤਰੀ ਦੇ ਅਹੁਦਿਆਂ ’ਤੇ ਰਹੇ ਤੇ ਇਸ ਸ਼ਹਿਰ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਇਆ। ਕੁਝ ਸਮੇਂ ਤੋਂ ਉਹ ਬਿਮਾਰੀ ਨਾਲ ਪੀੜਤ ਸਨ, ਜਿਸ ਕਰਕੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਘੱਟ ਗਈਆਂ ਸਨ ਤੇ ਅੱਜ ਸ਼ਾਮ ਅਚਾਨਕ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਕੌਮੀ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ‘ਆਪ’ ਆਗੂ ਜੋਗਿੰਦਰ ਸਿੰਘ ਮਾਨ, ਭਾਜਪਾ ਆਗੂ ਅਵਤਾਰ ਸਿੰਘ ਮੰਡ, ਬਲਾਕ ਕਾਂਗਰਸ ਪ੍ਰਧਾਨ ਤਰਨਜੀਤ ਵਾਲੀਆ, ਮਨੀਸ਼ ਪ੍ਰਭਾਕਰ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਰੇਸ਼ ਭਾਰਦਵਾਜ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਚੌਧਰੀ ਸਵਰਨਾ ਰਾਮ ਦਾ ਜਨਮ 1941 ’ਚ ਚਾਰਚੱਕ ਪਾਕਿਸਤਾਨ ’ਚ ਹੋਇਆ ਸੀ ਤੇ ਦੇਸ਼ ਵੰਡ ਮਗਰੋਂ ਉਹ ਬਹਿਰਾਮ ਆ ਕੇ ਵਸੇ ਸਨ। 1980 ’ਚ ਉਨ੍ਹਾਂ ਬੰਗਾ ਵਿਧਾਨ ਸਭਾ ਹਲਕੇ ਤੋਂ ਚੌਧਰੀ ਜਗਤ ਰਾਮ ਸੂੰਢ ਖ਼ਿਲਾਫ਼ ਚੋਣ ਲੜੀ ਤੇ ਹਾਰ ਗਏ। ਫ਼ਿਰ ਉਨ੍ਹਾਂ ਫਗਵਾੜਾ ਵਿਧਾਨ ਸਭਾ ਖੇਤਰ ’ਚ ਸਰਗਰਮੀ ਬਣਾਈ ਤੇ 1997 ਤੇ 2007 ਦੀਆਂ ਚੋਣਾਂ ’ਚ ਜਿੱਤ ਹਾਸਲ ਕੀਤੀ।

Add a Comment

Your email address will not be published. Required fields are marked *