ਅੰਮ੍ਰਿਤਸਰ: ਹੈਰੀਟੇਜ ਸਟਰੀਟ ਨੇੜੇ ਧਮਾਕਿਆਂ ਦੀ ਗੁੱਥੀ ਸੁਲਝੀ

ਅੰਮ੍ਰਿਤਸਰ, 11 ਮਈ

ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਗਲਿਆਰੇ ਵਿਚ ਬੀਤੀ ਰਾਤ ਲਗਪਗ ਸਵਾ 12 ਵਜੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਨੂੰ ਪੰਜਾਬ ਪੁਲੀਸ ਨੇ ਸ਼੍ਰੋਮਣੀ ਕਮੇਟੀ ਦੀ ਮਦਦ ਨਾਲ ਕਾਬੂ ਕੀਤਾ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ ਸੱਤ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਆਜ਼ਾਦ ਬੀਰ ਸਿੰਘ, ਅਮਰੀਕ ਸਿੰਘ, ਧਰਮਿੰਦਰ, ਹਰਜੀਤ ਅਤੇ ਸਾਹਿਬ ਸਿੰਘ ਵਜੋਂ ਹੋਈ ਹੈ। ਇਹ ਸਾਰੇ ਹੀ ਘੱਟ ਸ਼ਿੱਦਤ ਵਾਲੇ ਧਮਾਕੇ ਸਨ, ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੁਝ ਵਿਅਕਤੀ ਜ਼ਖ਼ਮੀ ਹੋਏ ਸਨ। ਡੀਜੀਪੀ ਨੇ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਨ੍ਹਾਂ ਧਮਾਕਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਥਾਣਾ ਈ-ਡਵੀਜ਼ਨ ਦੀ ਪੁਲੀਸ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਹੋਇਆ ਇਹ ਲੜੀਵਾਰ ਤੀਜਾ ਧਮਾਕਾ ਹੈ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਵਿਚ 6 ਮਈ ਦੀ ਰਾਤ ਨੂੰ ਅਤੇ 8 ਮਈ ਦੀ ਸਵੇਰ ਨੂੰ ਦੋ ਧਮਾਕੇ ਹੋਏ ਸਨ।

ਵੇਰਵਿਆਂ ਮੁਤਾਬਕ ਆਜ਼ਾਦ ਬੀਰ ਸਿੰਘ ਮੁੱਖ ਸਾਜਿਸ਼ਘਾੜਾ ਹੈ ਅਤੇ ਉਸ ਨੇ ਤਿੰਨੋਂ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਪੁਲੀਸ ਨੂੰ ਉਸ ਦੇ ਮੋਬਾਈਲ ਫੋਨ ਵਿੱਚੋਂ ਸਾਰਾਗੜ੍ਹੀ ਪਾਰਕਿੰਗ ਵਿਚ ਕੀਤੇ ਪਹਿਲੇ ਧਮਾਕੇ ਦੀ ਤਸਵੀਰ ਮਿਲੀ ਹੈ ਜਿਸ ਵਿਚ ਉਹ ਦੇਸੀ ਬੰਬ ਨਾਲ ਦਿਖਾਈ ਦੇ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਇਕ ਕੇਸ ਦਰਜ ਹੈ ਤੇ ਉਸ ’ਤੇ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਉਹ ਤਰਨ ਤਾਰਨ ਦੇ ਐੱਸਡੀਐੱਮ ਦਫ਼ਤਰ ਵਿੱਚੋਂ ਬਰਖਾਸਤ ਕੀਤਾ ਕਰਮਚਾਰੀ ਹੈ। ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਸਥਾਨਕ ਮਜੀਠਾ ਰੋਡ ’ਤੇ ਸ੍ਰੀ ਰਾਮ ਐਵੇਨਿਊ ਦੇ ਵਸਨੀਕ ਹਨ। ਹਰਜੀਤ ਪਹਿਲਾਂ ਪਾਰਕਿੰਗ ਸਟੈਂਡ ਵਿੱਚ ਕੰਮ ਕਰਦਾ ਸੀ ਜਦੋਂਕਿ ਧਰਮਿੰਦਰ ਆਟੋਰਿਕਸ਼ਾ ਚਲਾਉਂਦਾ ਸੀ। ਸਾਹਿਬ ਸਿੰਘ ਉਰਫ ਸਾਬਾ ਪਟਾਖੇ ਵੇਚਣ ਦਾ ਕੰਮ ਕਰਦਾ ਹੈ। ਉਸ ਕੋਲ ਪਟਾਖਿਆਂ ਦੇ ਕਾਰੋਬਾਰ ਦਾ ਲਾਇਸੈਂਸ ਵੀ ਹੈ। ਉਸ ਨੇ ਹੀ ਇਹ ਵਿਸਫੋਟਕ ਸਮੱਗਰੀ ਦਿੱਤੀ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਕੋਲੋਂ 1100 ਗ੍ਰਾਮ ਧਮਾਕਾਖੇਜ਼ ਸਮੱਗਰੀ ਅਤੇ ਕੁਝ ਗਰਮ ਖਿਆਲੀ ਸਾਹਿਤ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਗਲਿਆਰੇ ’ਚ ਧਮਾਕਾ ਕਰਨ ਦੇ ਮਾਮਲੇ ਵਿੱਚ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਦੋਵੇਂ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮ ਇਥੇ ਸਰਾਂ ਵਿਚ ਹੀ ਠਹਿਰੇ ਹੋਏ ਸਨ। ਅਮਰੀਕ ਸਿੰਘ ਆਪਣੀ ਪਤਨੀ ਨਾਲ ਵੱਖਰੇ ਕਮਰੇ ਵਿਚ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਆਜ਼ਾਦਵੀਰ ਸਿੰਘ ਰਾਤ ਨੂੰ ਸਰਾਂ ਦੇ ਪਖਾਨੇ ਵਿੱਚ ਗਿਆ ਅਤੇ ਉਸ ਨੇ ਲਗਪਗ ਸਵਾ 12 ਵਜੇ ਗਲਿਆਰੇ ਵਾਲੇ ਪਾਸੇ ਦੇਸੀ ਬੰਬ ਸੁੱਟਿਆ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਮਗਰੋਂ ਉਹ ਮੁੜ ਸਰਾਂ ਦੇ ਵਰਾਂਡੇ ਵਿਚ ਆ ਕੇ ਲੇਟ ਗਿਆ। ਇਹ ਸਾਰੀ ਘਟਨਾ ਸਰਾਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪੁੱਜੀ। ਉਨ੍ਹਾਂ ਦੱਸਿਆ ਕਿ ਧਮਾਕਾ ਕਰਨ ਵਾਲਿਆਂ ਦੇ ਧਾਰਮਿਕ ਅਸਥਾਨ ਵਿਚ ਹੀ ਹੋਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਹਿਮ ਸਹਿਯੋਗ ਦਿੱਤਾ ਗਿਆ। ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਅਤੇ ਅਮਰੀਕ ਸਿੰਘ ਨੇ ਧਮਾਕਾਖੇਜ਼ ਸਮੱਗਰੀ ਇਕੱਠੀ ਕੀਤੀ ਸੀ ਜਦਕਿ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਕਰਨ ਅਤੇ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਧਰਮਿੰਦਰ ਸਿੰਘ, ਹਰਜੀਤ ਸਿੰਘ ਅਤੇ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਸਿੰਘ ਪਟਾਕਿਆਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੀ ਵਿਸਫੋਟਕ ਸਮੱਗਰੀ ਤੇ ਹੋਰ ਸਮਾਨ ਦਾ ਲਾਇਸੈਂਸਧਾਰਕ ਹੈ। ਡੀਜੀਪੀ ਨੇ ਦਾਅਵਾ ਕੀਤਾ ਕਿ ਫੜੇ ਗਏ ਮੁਲਜ਼ਮਾਂ ਨੇ ਵਿਰਾਸਤੀ ਸਟਰੀਟ ਨੇੜੇ ਹੋਏ ਪਹਿਲੇ ਦੋ ਧਮਾਕਿਆਂ ਵਿੱਚ ਸ਼ਮੂਲੀਅਤ ਨੂੰ ਵੀ ਕਬੂਲ ਕੀਤਾ ਹੈ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ 6 ਮਈ ਨੂੰ ਪਾਰਕਿੰਗ ਵਿੱਚ ਇੱਕ ਕੰਟੇਨਰ ਵਿੱਚ ਪੌਲੀਥੀਨ ਦੇ ਲਿਫਾਫੇ ਵਿੱਚ ਬੰਬ ਸਮੱਗਰੀ ਰੱਖ ਕੇ ਧਮਾਕਾ ਕੀਤਾ ਗਿਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ ਲਗਪਗ 4 ਵਜੇ ਇਕ ਹੋਰ ਬੰਬ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੀ ਸੀ। ਦੂਜਾ ਧਮਾਕਾ ਸਵੇਰੇ 6.30 ਵਜੇ ਦੇ ਕਰੀਬ ਹੋਇਆ ਸੀ। ਡੀਜੀਪੀ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Add a Comment

Your email address will not be published. Required fields are marked *