ਖੇਤਰੀ ਜਲ ਪ੍ਰਵਾਹ ਕਰਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ

ਬਟਾਲਾ – ਬਟਾਲਾ ਵਿਖੇ ਬੀਤੇ ਦਿਨ ਖੇਤਰੀ ਜਲ ਪ੍ਰਵਾਹ ਕਰ ਕੇ ਵਾਪਸ ਕਾਰ ਵਿਚ ਪਰਤ ਰਹੇ ਇਕੋ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਕੁਲ 4 ਚਾਰ ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੌਰਵ ਪੁੱਤਰ ਸੁਭਾਸ਼ ਵਾਸੀ ਮੁਹੱਲਾ ਚਿਤੌੜਗੜ੍ਹ ਬਟਾਲਾ ਦੀ ਕਾਰ ਨੰ. ਪੀ. ਬੀ. 18 ਐੱਸ.0810 ’ਤੇ ਉਸ ਦੀ ਪਤਨੀ ਮੋਨਿਕਾ ਅਤੇ 3 ਹੋਰ ਪਰਿਵਾਰਕ ਮੈਂਬਰਾਂ ਮਮਤਾ ਪਤਨੀ ਸੁਨੀਲ, 10 ਮਹੀਨਿਆਂ ਦੀ ਬੱਚੀ ਗਿਰੀਸ਼ਾ ਪੁੱਤਰੀ ਰਜਤ ਤੇ ਮੁੰਨੀ ਪੁੱਤਰੀ ਵਿਕਾਸ ਸਵਾਰ ਸਨ।

ਉਕਤ ਸਾਰੇ ਲੋਕ ਕੰਜਕ ਪੂਜਨ ਉਪਰੰਤ ਅੱਡਾ ਅੰਮੋਨੰਗਲ ਨੇੜੇ ਨਹਿਰ ਵਿਚ ਖੇਤਰੀ ਜਲ ਪ੍ਰਵਾਹ ਕਰ ਕੇ ਵਾਪਸ ਘਰ ਆ ਰਹੇ ਸੀ। ਜਦੋਂ ਇਹ ਜਲੰਧਰ-ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਪਿੰਡ ਮੜੀਆਂਵਾਲ ਨੇੜੇ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ, ਜਿਸ ਦੇ ਸਿੱਟੇ ਵਜੋਂ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਬੇਕਾਬੂ ਹੁੰਦੀ ਹੋਈ ਸਾਹਮਣਿਓਂ ਆ ਰਹੀ ਵੈਨਯੂ ਕਾਰ ਨੰ.ਪੀ.ਬੀ.18ਐਕਸ.0074, ਜਿਸ ਨੂੰ ਸਿਧਾਂਤ ਪੁੱਤਰ ਪ੍ਰਦੀਪ ਮਹਾਜਨ ਬਟਾਲਾ ਚਲਾ ਰਿਹਾ ਸੀ, ਨਾਲ ਟਕਰਾ ਗਈ। ਹਾਦਸੇ ’ਚ ਵੈਨਯੂ ਕਾਰ ਵੀ ਬੇਕਾਬੂ ਹੋ ਗਈ, ਜੋ ਬੱਜਰੀ ਨਾਲ ਲੱਦੀ ਇਕ ਟਰੈਕਟਰ-ਟਰਾਲੀ, ਜਿਸ ਨੂੰ ਜਸਵੰਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਤਾਰਾਗੜ੍ਹ ਚਲਾ ਰਿਹਾ ਸੀ, ’ਚ ਜਾ ਵੱਜੀ।

ਇਸ ਭਿਆਨਕ ਹਾਦਸੇ ਵਿਚ ਮਮਤਾ, ਗੌਰਵ, ਮੁੰਨੀ, 10 ਮਹੀਨਿਆਂ ਦੀ ਮਾਸੂਮ ਬੱਚੀ ਗਿਰੀਸ਼ਾ, ਮੋਨਿਕਾ ਤੇ ਸਿਧਾਂਤ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ। ਹਸਪਤਾਲ ਵਿਖੇ ਮੋਨਿਕਾ ਅਤੇ ਬੱਚੀ ਗਿਰੀਸ਼ਾ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ ਦੀ ਅਗਵਾਈ ਹੇਠ ਏ. ਐੱਸ. ਆਈ. ਹਰਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਉਕਤ ਤਿੰਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।

Add a Comment

Your email address will not be published. Required fields are marked *