ਸਾਥੀ ਨਾਲ ਮਿਲ ਕੇ ਆਪਣੀ 11 ਸਾਲਾ ਧੀ ਨਾਲ ਸਰੀਰਕ ਸ਼ੋਸ਼ਣ ਕਰਦੀ ਰਹੀ ਮਾਂ

ਲੁਧਿਆਣਾ – ਇਕ ਨਾਬਾਲਗ ਬੱਚੀ ਨਾਲ ਸਰੀਰਕ ਸੋਸ਼ਣ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਪ੍ਰਤਾਪ ਨਗਰ ਨਿਵਾਸੀ ਪਰਮਜੀਤ ਕੌਰ ਤੇ ਦੁੱਗਰੀ ਨਿਵਾਸੀ ਗਗਨਦੀਪ ਸਿੰਘ ਨੂੰ ਦੋਸ਼ੀ ਪਾਉਂਦਿਆਂ 20-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ ਲਗਭਗ 2-2 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਆਦੇਸ਼ ਦਿੱਤਾ ਹੈ।

ਪੁਲਸ ਥਾਣਾ ਡਵੀਜ਼ਨ ਨੰ. 6 ਨੇ ਇਸ ਸਬੰਧ ’ਚ ਪ੍ਰਤਾਪ ਨਗਰ ਨਿਵਾਸੀ ਰਾਜਵਿੰਦਰ ਕੌਰ ਦੀ ਸ਼ਿਕਾਇਤ ’ਤੇ 19 ਜੂਨ 2021 ਨੂੰ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੇ ਘਰ ਨਾਲ ਵਾਲੀ ਗਲੀ ’ਚ ਪਰਮਿੰਦਰ ਕੌਰ ਨਾਮਕ ਇਕ ਮਹਿਲਾ ਰਹਿੰਦੀ ਹੈ, ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਰਮਿੰਦਰ ਕੌਰ ਦੀ ਇਕ 11 ਸਾਲ ਦੀ ਧੀ ਹੈ, ਜਿਸ ਨੂੰ ਪਰਮਿੰਦਰ ਕੌਰ ਤੇ ਉਸ ਦਾ ਸਾਥੀ ਗਗਨਦੀਪ ਸਿੰਘ ਬੁਰੀ ਤਰ੍ਹਾਂ ਕੁੱਟ-ਮਾਰ ਕਰਦੇ ਹਨ।

ਜਦੋਂ ਸ਼ਿਕਾਇਤਕਰਤਾ ਨੂੰ ਇਸ ਬਾਬਤ ਪਤਾ ਲੱਗਾ ਤਾਂ ਉਹ ਉਨ੍ਹਾਂ ਦੇ ਘਰ ਕੋਲ ਪੁੱਜੀ ਤੇ ਜਦੋਂ ਉਸ ਨੇ ਇਕ ਖਿੜਕੀ ਤੋਂ ਝਾਕ ਕੇ ਦੇਖਿਆ ਤਾਂ ਮੁਲਜ਼ਮ ਗਗਨਦੀਪ ਸਿੰਘ ਤੇ ਪਰਮਿੰਦਰ ਕੌਰ ਉਸ 11 ਸਾਲ ਦੀ ਬੱਚੀ ਨਾਲ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਰਹੇ ਸਨ ਤੇ ਉਸ ਨੂੰ ਵਾਲ੍ਹਾਂ ਤੋਂ ਘੜੀਸ ਕੇ ਦੂਜੇ ਕਮਰੇ ’ਚ ਲਿਜਾ ਰਹੇ ਸਨ।

ਸ਼ਿਕਾਇਤਕਰਤਾ ਨੇ ਬੱਚੀ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾ ਕੇ ਹਸਪਤਾਲ ਭਿਜਵਾਇਆ ਤੇ ਇਸ ਬਾਬਤ ਸੂਚਨਾ ਪੁਲਸ ਨੂੰ ਦਿੱਤੀ। ਮੈਡੀਕਲ ਰਿਪੋਰਟ ਅਨੁਸਾਰ ਪੁਲਸ ਨੇ ਮਾਮਲਾ ਦਰਜ ਕਰ ਕੇ ਛਾਣਬੀਨ ਕੀਤੀ ਤਾਂ ਇਹ ਵੀ ਪਤਾ ਲੱਗਾ ਕਿ ਦੋਵਾਂ ਨੇ ਨਾਬਾਲਗ ਬੱਚੀ ਦੀਆਂ ਕੁਝ ਅਸ਼ਲੀਲ ਵੀਡੀਓਜ਼ ਬਣਾਈਆਂ ਹਨ ਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦੇ ਕੇ ਬੱਚੀ ਨਾਲ ਹੋਰ ਵੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਦੇ ਸਨ।

ਵੀਡੀਓਜ਼ ਮਿਲਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ’ਚ ਨਾਬਾਲਗ ਬੱਚੀ ਦੇ ਸਰੀਰਕ ਸੋਸ਼ਣ ਅੈਕਟ ਤਹਿਤ ਮਾਮਲੇ ਤਹਿਤ ਧਾਰਾਵਾਂ ਦਾ ਇਜ਼ਾਫਾ ਕੀਤਾ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।

Add a Comment

Your email address will not be published. Required fields are marked *