ਬਟਾਲਾ ਪੁਲਸ ਨੂੰ ਨਹੀਂ ਮਿਲਿਆ ਲਾਰੈਂਸ ਬਿਸ਼ਨੋਈ ਦਾ ਹੋਰ ਜੁਡੀਸ਼ੀਅਲ ਰਿਮਾਂਡ, ਮੁੜ ਮੁਹਾਲੀ ਭੇਜਿਆ

ਬਟਾਲਾ – ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਦੀ ਮਾਣਯੋਗ ਅਦਾਲਤ ’ਚ ਇਕ ਕਤਲ ਦੇ ਮਾਮਲੇ ’ਚ ਪੇਸ਼ ਕੀਤਾ ਗਿਆ, ਜਿੱਥੇ ਬਟਾਲਾ ਪੁਲਸ ਨੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਮਾਣਯੋਗ ਜੱਜ ਵੱਲੋਂ ਹੋਰ ਰਿਮਾਂਡ ਨਾ ਦਿੱਤੇ ਜਾਣ ਕਾਰਨ ਲਾਰੈਂਸ ਬਿਸ਼ਨੋਈ ਨੂੰ ਮੁੜ ਮੁਹਾਲੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਟਾਲਾ ਪੁਲਸ ਨੇ ਇਕ ਕਤਲ ਦੇ ਮਾਮਲੇ ’ਚ ਪੁੱਛਗਿੱਛ ਲਈ 12 ਅਗਸਤ ਨੂੰ 8 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਲਿਆ ਸੀ। ਸੁਰੱਖਿਆ ਕਾਰਨਾਂ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੂੰ ਖਰੜ ਸੀ. ਆਈ. ਏ. ਸਟਾਫ ’ਚ ਰੱਖਿਆ ਗਿਆ ਸੀ, ਜਿਥੇ ਬਟਾਲਾ ਪੁਲਸ ਪੁੱਛਗਿੱਛ ਕਰਨ ਲਈ ਜਾਂਦੀ ਰਹੀ ਹੈ।

ਬੀਤੇ ਦਿਨ ਗੈਂਗਸਟਰ ਲਾਰੈਂਸ ਨੂੰ ਬਟਾਲਾ ਦੇ ਕੋਰਟ ਵਿਚ ਜੱਜ ਮਨਪ੍ਰੀਤ ਸਿੰਘ ਸੋਹੀ ਦੀ ਅਦਾਲਤ ਵਿਚ ਪੇਸ਼ ਕਰ ਕੇ ਬਟਾਲਾ ਪੁਲਸ ਨੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਪਰ ਮਾਣਯੋਗ ਜੱਜ ਵੱਲੋਂ ਹੋਰ ਰਿਮਾਂਡ ਨਾ ਦਿੱਤੇ ਜਾਣ ਕਾਰਨ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਹੇਠ ਮੁਹਾਲੀ ਲਈ ਰਵਾਨਾ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਦੀ ਅਦਾਲਤ ’ਚ ਪੇਸ਼ੀ ਸਮੇਂ ਮੀਡੀਆ ਕਰਮੀਆਂ ਨੂੰ ਵੀ ਕੋਰਟ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਕੋਰਟ ਨੂੰ ਸਵੇਰ ਤੋਂ ਹੀ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਸੀ। ਲਾਰੈਂਸ ਨੂੰ ਬਿਸ਼ਨੋਈ ਨੂੰ ਏ. ਜੀ. ਟੀ. ਐੱਫ. ਪੁਲਸ ਹਵਾਲੇ ਕਰ ਕੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਮੁਹਾਲੀ ਲਈ ਭੇਜ ਦਿੱਤਾ ਗਿਆ ਹੈ।

Add a Comment

Your email address will not be published. Required fields are marked *