ਮਰੀਅਮ ਨਵਾਜ਼ ਭ੍ਰਿਸ਼ਟਾਚਾਰ ਦੇ ਕੇਸ ’ਚੋਂ ਬਰੀ
![](http://mehakewattan.com/wp-content/uploads/2022/09/2022_9largeimg_210440066.jpg)
ਇਸਲਾਮਾਬਾਦ, 29 ਸਤੰਬਰ
ਇਸਲਾਮਾਬਾਦ ਹਾਈ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ’ਚੋਂ ਬਰੀ ਕਰ ਦਿੱਤਾ ਹੈ। ਇਸ ਨੂੰ ਹਾਕਮ ਪੀਐੱਮਐੱਲ-ਐੱਨ ਲਈ ਇੱਕ ਵੱਡੀ ਕਾਨੂੰਨੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਹਾਈ ਕੋਰਟ ਨੇ ਮਰੀਅਮ ਦੇ ਉਸ ਦੇ ਪਤੀ ਮੁਹੰਮਦ ਸਫਦਰ ਦੀ ਉਹ ਅਪੀਲ ਸਵੀਕਾਰ ਕਰ ਲਈ ਜਿਸ ’ਚ ਜੁਲਾਈ 2018 ’ਚ ਐਵੇਨਫੀਲਡ ਜਾਇਦਾਦ ਕੇਸ ’ਚ ਭ੍ਰਿਸ਼ਟਾਚਾਰ ਰੋਕੂ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ। ਜਸਟਿਸ ਆਮੇਰ ਫਾਰੂਕ ਤੇ ਜਸਟਿਸ ਮੋਹਸਿਨ ਅਖ਼ਤਰ ਕਯਾਨੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਜਾਂਚ ਅਧਿਕਾਰੀ ਦੀ ਸਲਾਹ ਨੂੰ ਸਬੂਤ ਵਜੋਂ ਨਹੀਂ ਵਿਚਾਰਿਆ ਜਾ ਸਕਦਾ। ਬੈਂਚ ਨੇ ਕਿਹਾ, ‘ਸਾਂਝੀ ਜਾਂਚ ਟੀਮ ਨੇ ਕੋਈ ਤੱਥ ਪੇਸ਼ ਨਹੀਂ ਕੀਤਾ। ਇਸ ਦੀ ਥਾਂ ਸਿਰਫ ਸੂਚਨਾ ਇਕੱਠੀ ਕੀਤੀ।’ ਬੈਂਚ ਨੇ ਕਿਹਾ ਕਿ ਕੇਸ ’ਚ ਕੌਮੀ ਜਵਾਬਦੇਹੀ ਬਿਊਰੋ ਦਾ ਵਕੀਲ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਕਰਨ ’ਚ ਨਾਕਾਮ ਰਿਹਾ ਹੈ।