18 ਸਾਲਾਂ ਦੇ ਇਤਿਹਾਸ ’ਚ ਫੇਸਬੁੱਕ ’ਚ ਸਭ ਤੋਂ ਵੱਡੀ ਛਾਂਟੀ, ਜ਼ੁਕਰਬਰਗ ਨੇ ਮੰਗੀ ਮਾਫ਼ੀ

ਨਵੀਂ ਦਿੱਲੀ– ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਪਲੇਟਫਾਰਮਸ ਇੰਕ ਨੇ 11,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨਵੀਆਂ ਭਰਤੀਆਂ ’ਤੇ ਤਾਂ ਪਹਿਲਾਂ ਤੋਂ ਹੀ ਰੋਕ ਲਗਾਈ ਜਾ ਚੁੱਕੀ ਹੈ। ਮਾਰਕ ਜ਼ੁਕਰਬਰਗ ਨੇ ਕੱਲ ਹੀ ਆਪਣੇ ਐਗਜ਼ੀਕਿਊਟਿਵ ਨਾਲ ਇਕ ਮੀਟਿੰਗ ’ਚ ਉਨ੍ਹਾਂ ਨੂੰ ਛਾਂਟੀ ਲਈ ਤਿਆਰ ਰਹਿਣ ਨੂੰ ਕਿਹਾ ਸੀ।
ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਕਿਹਾ,‘‘ਅਸੀਂ ਇੱਥੇ ਕਿਵੇਂ ਪਹੁੰਚੇ, ਮੈਂ ਇਸ ਦੀ ਜਵਾਬਦੇਹੀ ਲੈਂਦਾਂ ਹਾਂ। ਮੈਨੂੰ ਪਤਾ ਹੈ ਕਿ ਇਹ ਸਾਰਿਆਂ ਲਈ ਔਖਾ ਹੈ ਅਤੇ ਜੋ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਕੋਲੋਂ ਮੈਂ ਮਾਫੀ ਮੰਗਦਾ ਹਾਂ।’’ 2204 ’ਚ ਸ਼ੁਰੂ ਹੋਈ ਕੰਪਨੀ ਦੇ 18 ਸਾਲਾਂ ਦੇ ਇਤਿਹਾਸ ’ਚ ਇਹ ਸਭ ਤੋਂ ਵੱਡੀ ਛਾਂਟੀ ਹੈ। ਕੰਪਨੀ ਦੀ ਖਸਤਾ ਮਾਲੀ ਹਾਲਤ ਅਤੇ ਖਰਾਬ ਤਿਮਾਹੀ ਨਤੀਜਿਆਂ ਕਾਰਨ ਇਹ ਫੈਸਲਾ ਲਿਆ ਗਿਆ ਹੈ।

4 ਮਹੀਨੇ ਦੀ ਮਿਲੇਗੀ ਸੈਲਰੀ

ਡਬਲਯੂ. ਐੱਸ. ਜੇ. ਦੀ ਰਿਪੋਰਟ ਮੁਤਾਬਕ ਮੇਟਾ ਦੇ ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ, ਉਨ੍ਹਾਂ ਨੂੰ 4 ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਕੰਪਨੀ ਦੇ ਹਿਊਮਨ ਰਿਸੋਰਸ ਹੈੱਡ ਲਾਰੀ ਗੋਲੇਰ ਮੁਤਾਬਕ ਕੱਢੇ ਗਏ ਕਰਮਚਾਰੀਆਂ ਨੂੰ ਮੁਆਵਜ਼ੇ ਦੇ ਤੌਰ ’ਤੇ 4 ਮਹੀਨੇ ਦੀ ਸੈਲਰੀ ਦਿੱਤੀ ਜਾਵੇਗੀ।

ਕਰੰਚਬੇਸ ਦੀ ਇਕ ਰਿਪੋਰਟ ’ਚ 2022 ’ਚ ਹੁਣ ਤੱਕ ਅਮਰੀਕੀ ਕੰਪਨੀਆਂ ਵਲੋਂ ਲਗਭਗ 52,000 ਤਕਨਾਲੋਜੀ ਐਕਸਪਰਟਸ ਦੀ ਨੌਕਰੀ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ। ਜੇ ਅੱਜ ਦੀ ਇਸ ਫਾਇਰਿੰਗ ਨੂੰ ਵੀ ਗਿਣ ਲਿਆ ਜਾਵੇ ਤਾਂ ਇਹ ਅੰਕੜਾ 63,000 ਤੋਂ ਵੱਧ ਹੋ ਜਾਏਗਾ। ਅੱਜ ਮੇਟਾ ਤੋਂ ਇਲਾਵਾ ਟਵਿਟਰ, ਸਟ੍ਰਾਈਪ, ਸੇਲਸਫੋਰਸ, ਲਿਫਟ, ਸਪੌਟੀਫਾਈ, ਪੇਲੋਟਨ, ਨੈੱਟਫਲਿਕਸ, ਰਾਬਿਨਹੁੱਡ, ਇੰਸਟਾਕਾਰਟ, ਉਡੇਸਿਟੀ, ਬੁਕਿੰਗ ਡਾਟ ਕਾਮ, ਜਿਲੋ, ਲੂਮ, ਬਿਆਂਡ ਮੀਟ ਅਤੇ ਕਈ ਹੋਰ ਕੰਪਨੀਆਂ ’ਚ ਵੱਡੇ ਪੈਮਾਨੇ ’ਤੇ ਛਾਂਟੀ ਹੋਈ ਹੈ।

Add a Comment

Your email address will not be published. Required fields are marked *