ਪਾਕਿਸਤਾਨ ਦੇ ਨਾਲ ਵਪਾਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ- ਭਾਰਤ ਦੇ ਨਾਲ ਵਪਾਰ ਫਿਰ ਤੋਂ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ ਕਿਉਂਕਿ ਉਸ ਨੇ 2019 ‘ਚ ਦੋ-ਪੱਖੀ ਆਰਥਿਕ ਸੰਬੰਧ ਨੂੰ ਮੁਅੱਤਲ ਕੀਤਾ ਸੀ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਵੀਰਵਾਰ ਨੂੰ ਇਹ ਟਿੱਪਣੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ‘ਚ ਆਏ ਵਿਨਾਸ਼ਕਾਰੀ ਹੜ੍ਹ ਨਾਲ ਨਿਪਟਣ ‘ਚ ਮਦਦ ਕਰਨ ਲਈ ਉਸ ਨੂੰ ਸਹਾਇਤਾ ਭੇਜਣ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਖੇਤਰ ਦੇ ਰਾਹੀਂ ਗੁਆਂਢੀ ਦੇਸ਼ ਨੂੰ ਸਹਾਇਤਾ ਭੇਜਣ ਦੇ ਬਾਰੇ ‘ਚ ਕੌਮਾਂਤਰੀ ਸਹਾਇਤਾ ਏਜੰਸੀਆਂ ਦੇ ਅਨੁਰੋਧ ‘ਤੇ ਵਿਚਾਰ ਕਰ ਸਕਦਾ ਹੈ। 
ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਇਸ ਹਫਤੇ ਕਿਹਾ ਸੀ ਕਿ ਇਸਲਾਮਾਬਾਦ ਹੜ੍ਹ ਕਾਰਾਨ ਖਾਧ ਵਸਤੂਆਂ ਦੀ ਕਮੀ ਪੈਣ ਦੀ ਸਮੱਸਿਆ ਤੋਂ ਨਿਪਟਨ ਲਈ ਭਾਰਤ ਦੇ ਇਨ੍ਹਾਂ ਦੇ ਆਯਾਤ ‘ਤੇ ਵਿਚਾਰ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫਤਵਾਰੀ ਪ੍ਰੈੱਸ ਗੱਲਬਾਤ ‘ਚ ਕਿਹਾ ਕਿ ਪਾਕਿਸਤਾਨ ‘ਚ ਆਏ ਹੜ੍ਹ ਦੇ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕੁਦਰਤੀ ਆਫਤ ਨਾਲ ਹੋਈ ਤਬਾਹੀ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾ ਨੇ ਪਾਕਿਸਤਾਨ ਨੂੰ ਮਾਨਵੀ ਸਹਾਇਤਾ ਦਿੱਤੇ ਜਾਣ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। 
ਬਾਗਚੀ ਨੇ ਕਿਹਾ ਕਿ ਉਨ੍ਹਾਂ ਨੇ (ਮੋਦੀ ਨੇ) ਮ੍ਰਿਤਕਾਂ ਦੇ ਪਰਿਵਾਰਾਂ, ਜ਼ਖਮੀਆਂ ਅਤੇ ਕੁਦਰਤੀ ਆਫਤ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਪ੍ਰਤੀ ਆਪਣੀ ਸੰਵੇਦਨਾ ਜਤਾਈ ਹੈ। ਇਸ ਸਮੇਂ ਸਹਾਇਤਾ ਦੇ ਮੁੱਦੇ ‘ਤੇ ਮੈਂ ਸਿਰਫ਼ ਇਹ ਕਹਿਣਾ ਹੈ। ਉਨ੍ਹਾਂ ਕਿਹਾ ਕਿ ਜਿਥੇ ਤੱਕ ਵਪਾਰ ਦੀ ਗੱਲ ਕੀਤੀ ਹੈ, ਅਸੀਂ ਇਸ ਵਿਸ਼ੇ ‘ਤੇ ਪਾਕਿਸਤਾਨ ਤੋਂ ਆਏ ਕਈ ਬਿਆਨ ਦੇਖੇ ਹਨ। ਇਸ ਸਮੇਂ ਉਨ੍ਹਾਂ ਬਿਆਨਾਂ ‘ਤੇ ਕਹਿਣ ਦੇ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਲਈ ਨਵੀਂ ਦਿੱਲੀ ਦੇ ਫ਼ੈਸਲੇ ਦੇ ਖ਼ਿਲਾਫ਼ 2019 ‘ਚ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰ ਸਬੰਧ ਮੁਅੱਤਲ ਕਰ ਦਿੱਤੇ ਸਨ। 

Add a Comment

Your email address will not be published. Required fields are marked *