ਝੂਲਨ ਗੋਸਵਾਮੀ ਦਾ ਕੋਲਕਾਤਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ, ਮਹਿਲਾ IPL ਬਾਰੇ ਦੱਸੀ ਆਪਣੀ ਯੋਜਨਾ

ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਇੰਗਲੈਂਡ ਤੋਂ ਭਾਰਤ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸੀਨੀਅਰ ਮਹਿਲਾ ਤੇਜ਼ ਗੇਂਦਬਾਜ਼ ਦਾ ਕੋਲਕਾਤਾ ਹਵਾਈ ਅੱਡੇ ਤੋਂ ਬਾਹਰ ਨਿਕਲਣ ਸਮੇਂ ਨੌਜਵਾਨ ਕ੍ਰਿਕਟਰਾਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਝੂਲਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਕ੍ਰਿਕਟ ਮੈਚ ਲੰਡਨ ਦੇ ਲਾਰਡਸ ‘ਚ ਇੰਗਲੈਂਡ ਖਿਲਾਫ ਖੇਡਿਆ ਸੀ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਆਪਣੇ ਫਾਈਨਲ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਉਸਨੇ ਆਪਣੀ ਟੀਮ ਲਈ ਦੋ ਮਹੱਤਵਪੂਰਨ ਵਿਕਟਾਂ ਲਈਆਂ ਅਤੇ ਦਸ ਓਵਰਾਂ ਦੇ ਆਪਣੇ ਕੋਟੇ ਵਿੱਚ ਸਿਰਫ਼ 30 ਦੌੜਾਂ ਦਿੱਤੀਆਂ।

19 ਸਾਲ ਦੀ ਉਮਰ ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਝੂਲਨ ਨੇ 20 ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤ ਦੀ ਪ੍ਰਤੀਨਿਧਤਾ ਕੀਤੀ। 39 ਸਾਲਾ ਝੂਲਨ ਨੇ 2002 ‘ਚ ਚੇਨਈ ‘ਚ ਇੰਗਲੈਂਡ ਖਿਲਾਫ ਆਪਣਾ ਡੈਬਿਊ ਕੀਤਾ ਸੀ ਅਤੇ ਲੰਡਨ ‘ਚ ਲਾਰਡਸ ‘ਚ ਇੰਗਲੈਂਡ ਖਿਲਾਫ ਆਪਣਾ ਆਖਰੀ ਮੈਚ ਵੀ ਖੇਡਿਆ। ਆਪਣੇ ਆਖਰੀ ਮੈਚ ਤੋਂ ਬਾਅਦ, ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਲਗਾਤਾਰ ਸਮਰਥਨ ਅਤੇ ਪ੍ਰੇਰਣਾ ਲਈ ਧੰਨਵਾਦ ਕੀਤਾ। ਭਾਰਤ ਪਰਤਣ ‘ਤੇ ਝੂਲਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਮਹਿਲਾ ਕ੍ਰਿਕਟਰਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਮੌਕੇ ਦੀ ਜ਼ਰੂਰਤ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਮੈਚਾਂ ਵਿੱਚ ਵਧੇਰੇ ਕੁਸ਼ਲਤਾ ਨਾਲ ਮੁਕਾਬਲਾ ਕਰ ਸਕਣ।

ਝੂਲਨ ਨੇ ਕਿਹਾ, ਭਾਰਤ ‘ਚ ਮਹਿਲਾ ਕ੍ਰਿਕਟ ਨੂੰ ਬੁਨਿਆਦੀ ਢਾਂਚੇ ਦੇ ਸਮਰਥਨ ਅਤੇ ਅੰਤਰਰਾਸ਼ਟਰੀ ਕ੍ਰਿਕਟ ਦੇ ਜ਼ਿਆਦਾ ਮੌਕੇ ਦੇ ਲਿਹਾਜ਼ ਨਾਲ ਥੋੜੇ ਹੁਲਾਰੇ ਦੀ ਲੋੜ ਹੈ। ਅਨੁਭਵੀ ਤੇਜ਼ ਗੇਂਦਬਾਜ਼ ਨੇ ਇਹ ਵੀ ਕਿਹਾ ਕਿ ਅਗਲੇ ਸਾਲ ਸ਼ੁਰੂ ਹੋਣ ਵਾਲਾ ਮਹਿਲਾ ਆਈ. ਪੀ. ਐੱਲ. ਮਹਿਲਾ ਕ੍ਰਿਕਟਰਾਂ ਲਈ ਦੁਨੀਆ ਭਰ ਦੀਆਂ ਕੁਝ ਬਿਹਤਰੀਨ ਖਿਡਾਰਨਾਂ ਖ਼ਿਲਾਫ਼ ਖੇਡਣ ਦਾ ਆਦਰਸ਼ ਮੰਚ ਹੋਵੇਗਾ। ਹਾਲਾਂਕਿ, ਉਸਨੇ ਟੂਰਨਾਮੈਂਟ ਵਿੱਚ ਆਪਣੀ ਭਾਗੀਦਾਰੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ, ਮਹਿਲਾ ਆਈਪੀਐਲ ਭਾਰਤੀ ਕ੍ਰਿਕਟਰਾਂ ਨੂੰ ਬਹੁਤ ਜ਼ਰੂਰੀ ਮੌਕੇ ਅਤੇ ਉਤਸ਼ਾਹ ਦੇਵੇਗਾ। ਮੈਂ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਮੈਂ ਮਹਿਲਾ ਆਈਪੀਐਲ ਖੇਡਣਾ ਚਾਹੁੰਦੀ ਹਾਂ ਜਾਂ ਨਹੀਂ। ਮੈਂ ਅਜੇ ਤੱਕ ਆਪਣੇ ਕਰੀਅਰ ਦੇ ਅਗਲੇ ਕਦਮ ਬਾਰੇ ਫੈਸਲਾ ਨਹੀਂ ਕੀਤਾ ਹੈ। ਮੈਨੂੰ ਇੱਕ ਬਰੇਕ ਦੀ ਲੋੜ ਹੈ, ਮੈਂ ਇਸਦਾ ਆਨੰਦ ਮਾਣਨਾ ਚਾਹੁੰਦੀ ਹਾਂ।

Add a Comment

Your email address will not be published. Required fields are marked *