IPL 2023: ਸੂਰਯਾਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਸਦਕਾ Play-Off ਦੇ ਨੇੜੇ ਪਹੁੰਚੀ MI

ਜਿਉਂ-ਜਿਉਂ ਆਈ.ਪੀ.ਐੱਲ. ਆਪਣੇ ਅਖ਼ੀਰਲੇ ਪੜਾਅ ਵੱਲ ਵੱਧ ਰਿਹਾ ਹੈ, ਤਿਉਂ-ਤਿਉਂ ਪਲੇਆਫ਼ ਲਈ ਮੁਕਾਬਲਾ ਫੱਸਵਾਂ ਹੁੰਦਾ ਜਾ ਰਿਹਾ ਹੈ। ਅੱਜ ਸੂਰਯਾਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਪਲੇਆਫ਼ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਅੱਜ ਗੁਜਰਾਤ ਟਾਈਨਸ ਨੂੰ ਹਰਾ ਕੇ ਮੁੰਬਈ 14 ਅੰਕਾਂ ਦੇ ਨਾਲ ਪੁਆਇੰਟਸ ਟੇਬਲ ਵਿਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਗੁਜਰਾਤ ਅਤੇ ਚੇਨਈ ਦਾ ਪਲੇਆਫ਼ ਵਿਚ ਪਹੁੰਚਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਬਾਕੀ ਦੋ ਥਾਵਾਂ ਲਈ ਮੁਕਾਬਲਾ ਫ਼ੱਸਵਾਂ ਹੁੰਦਾ ਜਾ ਰਿਹਾ ਹੈ। ਉੱਧਰ ਹੀ ਅਖ਼ੀਰ ਵਿਚ ਰਾਸ਼ਿਦ ਖ਼ਾਨ ਦੇ ਤੂਫ਼ਾਨੀ ਅਰਧ ਸੈਂਕੜੇ ਨੇ ਮੁੰਬਈ ਇੰਡੀਅਨਜ਼ ਦੇ ਰਨ ਰੇਟ ਨੂੰ ਕਾਫ਼ੀ ਪ੍ਰਭਾਵਿਤ ਕੀਤਾ।

ਅੱਜ ਗੁਜਰਾਤ ਟਾਈਨਟਨਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਇਸ਼ਾਨ ਕਿਸ਼ਨ (31) ਤੇ ਰੋਹਿਤ ਸ਼ਰਮਾ (29) ਨੇ ਚੰਗੀ ਸ਼ੁਰੂਆਤ ਦੁਆਈ। ਉਨ੍ਹਾਂ ਤੋਂ ਬਾਅਦ ਸੂਰਯਾਕੁਮਾਰ ਯਾਦਵ ਨੇ ਧਾਕੜ ਬੱਲੇਬਾਜ਼ੀ ਕਰਦਿਆਂ 49 ਗੇਂਦਾਂ ਵਿਚ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਵਿਚ 6 ਛਿੱਕੇ ਤੇ 11 ਚੌਕੇ ਸ਼ਾਮਲ ਸਨ। ਸੂਰਯਾ ਨੇ ਪਾਰੀ ਦੀ ਅਖ਼ੀਰਲੀ ਗੇਂਦ ‘ਤੇ ਛਿੱਕਾ ਜੜ ਕੇ ਆਪਣਾ ਸੈਂਕੜਾ ਮੁਕੰਮਲ ਕੀਤਾ। ਇਨ੍ਹਾਂ ਪਾਰੀਆਂ ਸਦਕਾ ਮੁੰਬਈ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 218 ਦੌੜਾਂ ਬਣਾਈਆਂ। ਰਾਸ਼ਿਦ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਆਪਣੇ ਨਾਂ ਕੀਤੀਆਂ।

20 ਗੇਂਦਾਂ ਵਿਚ 219 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਟੀਮ ਨੇ 55 ਦੌੜਾਂ ‘ਤੇ ਹੀ ਆਪਣੇ ਸਿਖਰਲੇ 5 ਬੱਲੇਬਾਜ਼ਾਂ ਦੀ ਵਿਕਟ ਗੁਆ ਦਿੱਤੀ। ਅਖ਼ੀਰ ਵਿਚ ਰਾਸ਼ਿਦ ਖ਼ਾਨ ਨੇ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਵਿਚ ਵੀ ਦਮ ਦਿਖਾਇਆ ਤੇ 32 ਗੇਂਦਾਂ ਵਿਚ 10 ਛਿੱਕਿਆਂ ਸਦਕਾ 79 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਡੇਵਿਡ ਮਿਲਰ ਨੇ ਵੀ 26 ਗੇਂਦਾਂ ਵਿਚ 2 ਛਿੱਕਿਆਂ ਤੇ 4 ਚੌਕਿਆਂ ਸਦਕਾ 41 ਦੌੜਾਂ ਬਣਾਈਆਂ। ਪਰ ਇਹ ਪਾਰੀਆਂ ਇੰਨੇ ਵੱਡੇ ਟੀਚੇ ਦਾ ਪਿੱਛਾ ਕਰਨ ਲਈ ਕਾਫ਼ੀ ਨਹੀਂ ਸੀ। ਇੰਝ ਗੁਜਰਾਤ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਮਹਿਜ਼ 191 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਇਸ ਤਰ੍ਹਾਂ ਇਹ ਮੁਕਾਬਲਾ 27 ਦੌੜਾਂ ਨਾਲ ਆਪਣੇ ਨਾਂ ਕਰ ਲਿਆ। 

Add a Comment

Your email address will not be published. Required fields are marked *