ਪਾਕਿਸਤਾਨ ਦੇ ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ‘ਚ ਹਿੱਸਾ ਲਵੇਗਾ ਭਾਰਤੀ ਸਿੱਖ ਜਥਾ

ਨਵੀਂ ਦਿੱਲੀ – ਭਾਰਤੀ ਸਿੱਖਾਂ ਦਾ ਇੱਕ ਜਥਾ 30 ਅਕਤੂਬਰ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਤੋਂ 45 ਕਿਲੋਮੀਟਰ ਦੂਰ ਸਥਿਤ ਪੰਜਾ ਸਾਹਿਬ ਜੀ ਗੁਰਦੁਆਰੇ ਵਿਖੇ ਕਰਵਾਏ ਜਾ ਰਹੇ ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲਵੇਗਾ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਦੱਸਿਆ ਕਿ ਕੁੱਲ 240 ਭਾਰਤੀ ਸਿੱਖਾਂ ਦਾ ਜਥਾ 28 ਅਕਤੂਬਰ ਨੂੰ ਅਟਾਰੀ/ਵਾਹਗਾ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਵੇਗਾ। ਇਸ ਜੱਥੇ ਵਿੱਚ 40 ਸ਼ਰਧਾਲੂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਤੋਂ ਹਿੱਸਾ ਲੈਣਗੇ। ਜਦਕਿ ਬਾਕੀ 200 ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ।

ਉਨ੍ਹਾਂ ਕਿਹਾ ਕਿ ਇਹ ਜਥਾ 2 ਨਵੰਬਰ ਨੂੰ ਵਤਨ ਪਰਤੇਗਾ ਅਤੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਇਤਿਹਾਸਕ ਸਿੱਖ ਗੁਰਦੁਆਰਿਆਂ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਦੇ ਪਵਿੱਤਰ ਗੁਰਦੁਆਰਿਆਂ ਵਿੱਚ ਮੱਥਾ ਟੇਕੇਗਾ। ਸਾਕਾ ਪੰਜਾ ਸਾਹਿਬ ਬਾਰੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਸਿੱਖ ਭਾਈਚਾਰੇ ਨੂੰ 30 ਅਕਤੂਬਰ 1922 ਨੂੰ ਜਦੋਂ ਬ੍ਰਿਟਿਸ਼ ਅੰਗਰੇਜ਼ ਅਧਿਕਾਰੀ ਦਮਨਕਾਰੀ ਨੀਤੀਆਂ ਤਹਿਤ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿੱਚ ਕੈਦ ਕਰਨ ਲਈ ਰੇਲ ਗੱਡੀ ਰਾਹੀਂ ਲਿਜਾ ਰਹੇ ਸਨ ਤਾਂ ਸਿੱਖ ਭਾਈਚਾਰੇ ਨੇ ਇਸ ਗੱਲ ਦਾ ਪਤਾ ਲੱਗਦਿਆਂ ਹੀ ਪੰਜਾ ਸਾਹਿਬ ਦੇ ਸਿੱਖ ਭਾਈਚਾਰੇ ਨੇ ਰੇਲ ਗੱਡੀ ਨੂੰ ਰੋਕ ਕੇ ਨਿਰਦੋਸ਼ ਸਿੱਖਾਂ ਨੂੰ ਲੰਗਰ ਛਕਾਉਣ ਦਾ ਫੈਸਲਾ ਕੀਤਾ ਪਰ ਸਥਾਨਕ ਅਧਿਕਾਰੀਆਂ ਨੇ ਪੰਜਾ ਸਾਹਿਬ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਿੱਖ ਭਾਈਚਾਰੇ ਦੇ ਲੋਕ ਰੇਲਵੇ ਟ੍ਰੈਕ ‘ਤੇ ਬੈਠ ਗਏ ਅਤੇ ਕੁਝ ਨਿਹੱਥੇ ਪ੍ਰਦਰਸ਼ਨਕਾਰੀ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਸ਼ਹੀਦ ਹੋ ਗਏ।

ਇਸ ਦੁਖਾਂਤ ਨੇ ਲੋਕਾਂ ਵਿਚ ਗੰਭੀਰ ਗੁੱਸਾ ਪੈਦਾ ਕੀਤਾ, ਜਿਸ ਨਾਲ ਆਜ਼ਾਦੀ ਦੀ ਲਹਿਰ ਨੂੰ ਨਵਾਂ ਹੁਲਾਰਾ ਮਿਲਿਆ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਵੰਡ ਤੋਂ ਪਹਿਲਾਂ ਪੰਜਾ ਸਾਹਿਬ ਵਿਖੇ 30 ਅਕਤੂਬਰ ਤੋਂ 2 ਨਵੰਬਰ ਤੱਕ ਸ਼ਰਧਾਂਜਲੀ ਭੇਟ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਸੀ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਬੱਸ/ਰੇਲ ਗੱਡੀ ਰਾਹੀਂ ਸਫ਼ਰ ਕਰਵਾਇਆ ਜਾਵੇਗਾ, ਜਿਸ ਦਾ ਔਸਤ ਖ਼ਰਚਾ ਲਗਭਗ 6000 ਰੁਪਏ ਦੇ ਕਰੀਬ ਹੈ। ਸ਼ਰਧਾਲੂਆਂ ਦੇ ਠਹਿਰਨ/ਲੰਗਰ ਦਾ ਪ੍ਰਬੰਧ ਗੁਰਦੁਆਰਿਆਂ ਵਿੱਚ ਕੀਤਾ ਜਾਵੇਗਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਸਾਰੇ ਸ਼ਰਧਾਲੂਆਂ ਲਈ ਵੱਖਰੇ ਕਮਰੇ ਅਲਾਟ ਕੀਤੇ ਜਾਣਗੇ।

Add a Comment

Your email address will not be published. Required fields are marked *