ਅਗਨੀਵੀਰ ਸਕੀਮ ਨੂੰ ਖ਼ਤਮ ਕਰਾਂਗੇ, GST ‘ਚ ਸੋਧ ਕਰਾਂਗੇ: ਰਾਹੁਲ ਗਾਂਧੀ

ਗੁਮਲਾ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਗਠਜੋੜ ‘ਇੰਡੀਆ’ ਦੀ ਸਰਕਾਰ ਬਣਨ ‘ਤੇ ‘ਅਗਨੀਵੀਰ  ਸਕੀਮ’ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਯੋਜਨਾ ਦੀ ਸ਼ੁਰੂਆਤ ਫ਼ੌਜ ਨੇ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ। ਰਾਹੁਲ ਨੇ ਵਸਤੂ ਅਤੇ ਸੇਵਾ ਟੈਕਸ (GST) ‘ਚ ਸੋਧ ਕਰਨ ਅਤੇ ਆਦਿਵਾਸੀਆਂ ਲਈ ਵੱਖਰਾ ਧਾਰਮਿਕ ਕੋਡ ਲਿਆਉਣ ਦਾ ਵੀ ਵਾਅਦਾ ਕੀਤਾ। ਝਾਰਖੰਡ ਦੇ ਗੁਮਲਾ ਵਿਚ ਇਕ ਚੁਣਾਵੀ ਸਭਾ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਕਿਹਾ ਕਿ ‘ਇੰਡੀਆ’ ਗਠਜੋੜ ਅਗਨੀਵੀਰ ਸਕੀਮ ਨੂੰ ਖ਼ਤਮ ਕਰੇਗਾ, ਕਿਉਂਕਿ ਇਸ ਸਕੀਮ ਨੂੰ ਪ੍ਰਧਾਨ ਮੰਤਰੀ ਮੋਦੀ ਲੈ ਕੇ ਆਏ ਹਨ, ਨਾ ਕਿ ਫ਼ੌਜ ਲਿਆਈ ਹੈ। ਅਸੀਂ ਸ਼ਹੀਦਾਂ ਵਿਚ ਕੋਈ ਭੇਦਭਾਵ ਨਹੀਂ ਕਰਨਾ ਚਾਹੁੰਦੇ। ਦੇਸ਼ ਲਈ ਬਲੀਦਾਨ ਦੇਣ ਵਾਲੇ ਹਰ ਵਿਅਕਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਉਸ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ।

ਰਾਹੁਲ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ 5 ਟੈਕਸ ਸਲੈਬ  ਵਾਲੀ ਗਲਤ GST ਸਕੀਮਾਂ ਲਾਗੂ ਕੀਤੀਆਂ ਹਨ। ਅਸੀਂ ਇਸ ਵਿਚ ਸੋਧ ਕਰਾਂਗੇ ਅਤੇ ਇਕ ਟੈਕਸ ਸਲੈਬ ਬਣਾਵਾਂਗੇ, ਜੋ ਘੱਟ ਤੋਂ ਘੱਟ ਹੋਵੇਗੀ। ਅਸੀਂ ਗਰੀਬਾਂ ‘ਤੇ ਟੈਕਸ ਦਾ ਬੋਝ ਘੱਟ ਕਰਾਂਗੇ। ਰਾਹੁਲ ਨੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਆਦਿਵਾਸੀਆਂ ਨੂੰ ਧੋਖਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਅਪਮਾਨ ਕਰਨ ਦਾ ਵੀ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਅਤੇ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਆਦਿਵਾਸੀ ਭਾਈਚਾਰੇ ਤੋਂ ਆਉਣ ਵਾਲੀ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।

Add a Comment

Your email address will not be published. Required fields are marked *