ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਨਵੀਂ ਦਿੱਲੀ, 25 ਮਾਰਚ-: ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਵੀ ਅਯੋਗ ਠਹਿਰਾਅ ਦਿੱਤਾ ਜਾਂਦਾ ਹੈ ਜਾਂ ਫਿਰ ਸਲਾਖਾਂ ਪਿੱਛੇ ਡੱਕਿਆ ਜਾਂਦਾ ਹੈ, ਉਹ ਦੇਸ਼ ਦੇ ਜਮਹੂਰੀ ਸੁਭਾਅ ਦਾ ਬਚਾਅ ਕਰਦੇ ਰਹਿਣਗੇ। ਗਾਂਧੀ ਨੇ ਦਾਅਵਾ ਕੀਤਾ ਕਿ ‘ਭੈਅਭੀਤ’ ਹੋਈ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਪੇਸ਼ਕਦਮੀ ਨੇ ਵਿਰੋਧੀ ਧਿਰ ਹੱਥ ‘ਹਥਿਆਰ’ ਫੜਾ ਦਿੱਤਾ ਹੈ। ਉਨ੍ਹਾਂ ਬੇਨਾਮੀ ਕੰਪਨੀਆਂ ’ਚ 20 ਹਜ਼ਾਰ ਕਰੋੜ ਦੇ ਨਿਵੇਸ਼ ’ਤੇ ਵੀ ਸਵਾਲ ਉਠਾਏ। 

ਲੋਕ ਸਭਾ ਦੀ ਮੈਂਬਰੀ ਰੱਦ ਕੀਤੇ ਜਾਣ ਮਗਰੋਂ ਆਪਣੀ ਪਲੇਠੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਯੋਗ ਠਹਿਰਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਮੁੱਦੇ ’ਤੇ ਉਨ੍ਹਾਂ ਦੀ ਅਗਲੀ ਤਕਰੀਰ ਤੋਂ ‘ਡਰੇ’ ਹੋੲੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪੂਰੇ ਮਸਲੇ ’ਤੇ ਕਥਿਤ ਭਾਜੜ ਪਈ ਹੋਈ ਹੈ ਤੇ ਇਹ ‘ਪੂਰੀ ਖੇਡ’ ਲੋਕਾਂ ਦਾ ਧਿਆਨ ਵੰਡਾਉਣ ਲਈ ਸੀ। ਗਾਂਧੀ ਨੇ ਕਿਹਾ ਕਿ ਬੁਨਿਆਦੀ ਸਵਾਲ ਹੁਣ ਵੀ ਇਹੀ ਹੈ ਕਿ ਅਡਾਨੀ ਦੀਆਂ ਬੇਨਾਮੀ ਫਰਮਾਂ ਵਿੱਚ 20,000 ਕਰੋੜ ਰੁਪਿਆ ਕਿਸ ਨੇ ਨਿਵੇਸ਼ ਕੀਤਾ। ਕਾਂਗਰਸ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਇਸ ਮੁੱਦੇ ਨੂੰ ਉਭਾਰਦੇ ਰਹਿਣਗੇ।

ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਮੈਂ ਇਥੇ ਭਾਰਤ ਦੇ ਲੋਕਾਂ ਦੀ ਜਮਹੂਰੀ ਆਵਾਜ਼ ਦਾ ਬਚਾਅ ਕਰ ਰਿਹਾ ਹਾਂ, ਮੈਂ ਇਹ ਕਰਦਾ ਰਹਾਂਗਾ। ਮੈਂ ਅਯੋਗਤਾ, ਦੋਸ਼ਾਂ ਜਾਂ ਜੇਲ੍ਹ ਦੀ ਸਜ਼ਾਵਾਂ ਜਿਹੀਆਂ ਧਮਕੀਆਂ ਤੋਂ ਨਹੀਂ ਡਰਦਾ। ਮੈਂ ਉਨ੍ਹਾਂ ਤੋਂ ਨਹੀਂ ਡਰਦਾ। ਇਹ ਲੋਕ ਅਜੇ ਤੱਕ ਮੈਨੂੰ ਨਹੀਂ ਸਮਝ ਸਕੇ, ਮੈਂ ਉਨ੍ਹਾਂ ਤੋਂ ਨਹੀਂ ਡਰਦਾ।’’ ਗਾਂਧੀ ਨੇ ਕਿਹਾ ਕਿ ਉਹ ਇਹ ਸਵਾਲ ਪੁੱਛਦੇ ਰਹਿਣਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰੋਬਾਰੀ ਗੌਤਮ ਅਡਾਨੀ ਨਾਲ ਕੀ ਰਿਸ਼ਤਾ ਹੈ। ਪ੍ਰੈੱਸ ਕਾਨਫਰੰਸ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਕੇ.ਸੀ.ਵੇਣੂਗੋਪਾਲ ਵੀ ਮੌਜੂਦ ਸਨ।

ਗਾਂਧੀ ਨੇ ਕਿਹਾ, ‘‘ਮੈਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਮੇਰੀ ਅਗਲੀ ਤਕਰੀਰ ਤੋਂ ਭੈਅਭੀਤ ਹਨ। ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਡਰ ਵੇਖਿਆ ਹੈ। ਲਿਹਾਜ਼ਾ ਉਹ ਮੇਰੀ ਅਗਲੀ ਤਕਰੀਰ ਤੋਂ ਡਰੇ ਹੋਏ ਸਨ, ਜੋ ਆਉਣ ਵਾਲੀ ਸੀ ਤੇ ਉਹ ਨਹੀਂ ਚਾਹੁੰਦੇ ਕਿ ਇਹ ਤਕਰੀਰ ਸੰਸਦ ਵਿੱਚ ਹੋਵੇ।’’ ਲੋਕ ਸਭਾ ਦੀ ਮੈਂਬਰੀ ਬਹਾਲ ਕੀਤੇ ਜਾਣ ਦੀ ਆਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ, ‘‘ਮੈਂ ਆਸ ਵਿੱਚ ਦਿਲਚਸਪੀ ਨਹੀਂ ਰੱਖਦਾ। (ਭਾਵੇਂ) ਮੈਨੂੰ ਮੇਰੀ ਮੈਂਬਰਸ਼ਿਪ ਮਿਲੇ ਜਾਂ ਨਾ, ਮੈਂ ਆਪਣਾ ਕੰਮ ਕਰਾਂਗਾ। ਜੇਕਰ ਉਹ ਮੈਨੂੰ ਸਥਾਈ ਤੌਰ ’ਤੇ ਅਯੋਗ ਠਹਿਰਾਅ ਵੀ ਦੇਣ, ਤਾਂ ਵੀ ਮੈਂ ਆਪਣਾ ਕੰਮ ਕਰਦਾ ਰਹਾਂਗਾ। ਜੇਕਰ ਉਹ ਮੈਨੂੰ ਬਹਾਲ ਕਰ ਦੇਣਤਾਂ ਵੀ ਮੈਂ ਆਪਣਾ ਕੰਮ ਕਰਦਾ ਰਹਾਂਗਾ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਸੰਸਦ ਵਿੱਚ ਹਾਂ ਜਾਂ ਫਿਰ ਬਾਹਰ।’’ ਗਾਂਧੀ ਨੇ ਦੁਹਰਾਇਆ ਕਿ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਅਯੋਗ ਠਹਿਰਾਉਣ ਜਾਂ ਜੇਲ੍ਹੀਂ ਡੱਕਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤੇ ਉਹ ਆਪਣੇ ਰਾਹ ’ਤੇ ਤੁਰਦੇ ਰਹਿਣਗੇ।

ਕਾਂਗਰਸ ਆਗੂ ਨੇ ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਕੇ ਆਖਿਆ ਕਿ ਅੱਗੇ ਵਧਦੇ ਹੋਏ ਉਹ ਸਾਰੇ ਮਿਲ ਕੇ ਕੰਮ ਕਰਨਗੇ। ਆਪਣੀ ਅਯੋਗਤਾ ਦੇ ਸਿੱਟਿਆਂ ਬਾਰੇ ਪੁੱਛਣ ’ਤੇ ਗਾਂਧੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਮੋਦੀ ਦੇ ਬੁਖਲਾਹਟ ਵਾਲੇ ਇਸ ਪ੍ਰਤੀਕਰਮ’ ਦਾ ਵਿਰੋਧੀ ਧਿਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਗਾਂਧੀ ਨੇ ਕਿਹਾ, ‘‘ਉਨ੍ਹਾਂ ਸਾਡੇ ਹੱਥ ਇਹ ਹਥਿਆਰ ਫੜਾਇਆ ਹੈ। ਉਹ ਸਹਿਮ ਗਏ ਸਨ ਕਿ ਸੱਚ ਸਾਹਮਣੇ ਆ ਜਾਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਲਈ ‘‘ਦੇਸ਼ ਅਡਾਨੀ ਹੈ ਤੇ ਅਡਾਨੀ ਹੀ ਦੇਸ਼ ਹੈ।’’ਭਾਜਪਾ ਦੇ ਇਸ ਦੋਸ਼ ਕਿ ਕਾਂਗਰਸ ਆਗੂ ਵੱਲੋਂ 2019 ਵਿੱਚ ‘ਮੋਦੀ ਉਪਨਾਮ’ ਨੂੰ ਲੈ ਕੇ ਕੀਤੀ ਟਿੱਪਣੀ, ਜੋ ਮਾਣਹਾਨੀ ਕੇਸ ਦਾ ਕੇਂਦਰਬਿੰਦੂ ਸੀ, ਹੋਰਨਾਂ ਪੱਛੜੀਆਂ ਸ਼੍ਰੇਣੀਆਂ  ਦਾ ਨਿਰਾਦਰ ਸੀ, ਗਾਂਧੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਭਾਈਚਾਰੇ ਦੀ ਗੱਲ ਕੀਤੀ ਹੈ ਤੇ ਇਹ ਮਸਲਾ ਓਬੀਸੀ’ਜ਼ ਬਾਰੇ ਨਹੀਂ ਬਲਕਿ ਅਡਾਨੀ ਤੇ ਉਸ ਦੇ ਸਰਕਾਰ ਨਾਲ ਰਿਸ਼ਤਿਆਂ ਬਾਰੇ ਸੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ, ‘‘ਮੇਰਾ ਨਾਮ ਸਾਵਰਕਰ ਨਹੀਂ ਹੈ, ਗਾਂਧੀ ਹੈ ਤੇ ਗਾਂਧੀ ਕਦੇ ਮੁਆਫ਼ੀ ਨਹੀਂ ਮੰਗਦੇ।’’ ਅਦਾਲਤੀ ਫੈਸਲੇ ਬਾਰੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। –

Add a Comment

Your email address will not be published. Required fields are marked *