ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਦਿੱਤਾ ਅਸਤੀਫ਼ਾ

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸਹਾਕ ਡਾਰ ਨਵੇਂ ਵਿੱਤ ਮੰਤਰੀ ਹੋਣਗੇ। ਡਾਰ (72) ਨੂੰ ਵਿੱਤ ਮੰਤਰੀ ਬਣਾਉਣ ਦਾ ਰਸਮੀ ਫੈਸਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਵਿਚਾਲੇ ਸ਼ਨੀਵਾਰ ਨੂੰ ਲੰਡਨ ’ਚ ਹੋਈ ਬੈਠਕ ਦੌਰਾਨ ਲਿਆ ਗਿਆ। ਮੀਟਿੰਗ ’ਚ ਮਿਫ਼ਤਾਹ ਇਸਮਾਈਲ ਅਤੇ ਇਸਹਾਕ ਡਾਰ ਤੋਂ ਇਲਾਵਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ-ਐੱਨ) ਦੇ ਹੋਰ ਆਗੂ ਮੌਜੂਦ ਸਨ। ਇਸਮਾਈਲ ਨੇ ਨਵਾਜ਼ ਸ਼ਰੀਫ ਨੂੰ ਆਪਣਾ ਅਸਤੀਫ਼ਾ ਸੌਂਪਿਆ, ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਏ ਜਾਣ ਕਾਰਨ ਰਾਜਨੀਤੀ ਤੋਂ ਬਾਹਰ ਹਨ ਪਰ ਉਨ੍ਹਾਂ ਦੇ ਫੈਸਲਿਆਂ ਨੂੰ ਪਾਰਟੀ ਲਈ ਪਾਬੰਦ ਮੰਨਿਆ ਜਾਂਦਾ ਹੈ।

ਪੀ.ਐੱਮ.ਐੱਲ.-ਐੱਨ. ਨੇ ਇਸਮਾਈਲ ਦੇ ਹਵਾਲੇ ਨਾਲ ਇਕ ਬਿਆਨ ’ਚ ਕਿਹਾ, ‘‘ਮੈਂ ਚਾਰ ਮਹੀਨਿਆਂ ਤੱਕ ਆਪਣੀ ਪੂਰੀ ਸਮਰੱਥਾ ਨਾਲ ਕੰਮ ਕੀਤਾ ਅਤੇ ਪਾਰਟੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਨਿਭਾਈ।’’ ਜਿਓ ਨਿਊਜ਼ ਮੁਤਾਬਕ ਡਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਲੰਡਨ ਤੋਂ ਵਾਪਸ ਆਉਣਗੇ ਤੇ ਅਗਲੇ ਹਫ਼ਤੇ (ਸੰਭਵ ਤੌਰ ’ਤੇ ਮੰਗਲਵਾਰ) ਨੂੰ ਸਹੁੰ ਚੁੱਕਣਗੇ। ਡਾਰ ਦਾ ਸਬੰਧ ਨਵਾਜ਼ ਸ਼ਰੀਫ ਨਾਲ ਵੀ ਹੈ ਕਿਉਂਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਦੀ ਇਕ ਧੀ ਨਾਲ ਹੋਇਆ ਹੈ।

Add a Comment

Your email address will not be published. Required fields are marked *