ਇਸਲਾਮਿਕ ਧਾਰਮਿਕ ਗੁਰੂ ਮੌਲਾਨਾ ਤਾਰਿਕ ਮਜ਼ੀਲ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ’ਤੇ ਮਚਿਆ ਹੰਗਾਮਾ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਦੇ ਪ੍ਰਸਿੱਧ ਇਸਲਾਮਿਕ ਧਾਰਮਿਕ ਗੁਰੂ ਮੌਲਾਨਾ ਤਾਰਿਕ ਮਜ਼ੀਲ ਦਾ ਸਿੱਖਾਂ ਦੇ ਧਾਰਮਿਕ ਅਸਥਾਨ ਕਰਤਾਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਐਤਵਾਰ ਨੂੰ ਦਰਸ਼ਨ ਕਰਨਾ ਪੂਰੇ ਪਾਕਿਸਤਾਨ ’ਚ ਉਨ੍ਹਾਂ ਦੀ ਨਿੰਦਾ ਦਾ ਕਾਰਨ ਬਣ ਗਿਆ ਹੈ। ਕੱਟੜਪੰਥੀਆਂ ਨੇ ਸੋਸ਼ਲ ਮੀਡੀਆ ’ਤੇ ਮੌਲਾਨਾ ਤਾਰਿਕ ਮਜ਼ੀਲ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦੇ ਦਿੱਤੀਆਂ ਹਨ। ਉਨ੍ਹਾਂ ਦੇ ਨਾਲ ਕੁਝ ਹੋਰ ਵਿਵਦਾਨ ਵੀ ਸਨ।

ਸਰਹੱਦ ਪਾਰ ਸੂਤਰਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ, ਪੰਜਾਬ ਵਿਧਾਨ ਸਭਾ ਦੇ ਮੈਂਬਰ ਰੇਸ਼ਮ ਸਿੰਘ ਅਰੋੜਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਕਰਤਾਰਪੁਰ ਸਬੰਧੀ ਜਾਣਕਾਰੀ ਵੀ ਗੁਰਦੁਆਰੇ ਦੇ ਮੁੱਖ ਗ੍ਰੰਥੀ ਨੇ ਦਿੱਤੀ ਅਤੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਇਥੇ ਬਤੀਤ ਕੀਤੇ ਸਨ। ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਦੂਜੇ ਪਾਸੇ ਜਿਵੇਂ ਹੀ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਉਨ੍ਹਾਂ ਨੂੰ ਸਿਰੋਪਾਓ ਮਿਲਣ ਦੀ ਫੋਟੋ ਸ਼ੋਸਲ ਮੀਡੀਆ ’ਤੇ ਅੱਜ ਵਾਇਰਲ ਹੋਈ ਤਾਂ ਉਸ ਦੇ ਨਾਲ ਹੀ ਮੌਲਾਨਾ ਤਾਰਿਕ ਮਜ਼ੀਲ ਦੀ ਨਿੰਦਾ ਸ਼ੁਰੂ ਹੋ ਗਈ। ਸੋਸ਼ਲ ਮੀਡੀਆ ’ਤੇ ਕੁਝ ਕੱਟੜਪੰਥੀਆਂ ਨੇ ਉਨ੍ਹਾਂ ਨੂੰ ਕੌਮ ਤੇ ਇਸਲਾਮ ਦਾ ਗੱਦਾਰ ਤੱਕ ਕਹਿ ਦਿੱਤਾ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਿੱਖਾਂ ਦੇ ਕਿਸੇ ਧਾਰਮਿਕ ਅਸਥਾਨ ’ਤੇ ਜਾਣ ਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ। ਇਸ ਸਬੰਧੀ ਉਨ੍ਹਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਸੋਸ਼ਲ ਮੀਡੀਆ ’ਤੇ ਧਮਕੀਆਂ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। ਕੱਟੜਪੰਥੀ ਉਸ ਨੂੰ ਸਿੱਖਾਂ ਦੇ ਧਾਰਮਿਕ ਅਸਥਾਨ ’ਤੇ ਜਾਣ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਕਹਿ ਰਹੇ ਹਨ।

Add a Comment

Your email address will not be published. Required fields are marked *