ਚੋਣਾਂ ‘ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ

ਜਲੰਧਰ –ਲੋਕ ਸਭਾ ਚੋਣਾਂ ਵਿਚ ਫਰੀਦਕੋਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਹੇ ਰਾਜ ਗਾਇਕ ਅਤੇ ਨਵੀਂ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਜਲੰਧਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਦੇ ਲੋਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ। ਜਿਸ ਤਰ੍ਹਾਂ ਭਾਜਪਾ ਆਗੂਆਂ, ਵਰਕਰਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ, ਉਹ ਉਸ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ।

ਪਦਮਸ਼੍ਰੀ ਹੰਸਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਦੀਆਂ ਬਾਰੀਕੀਆਂ ਬਾਰੇ ਅਜੇ ਤਕ ਕੁਝ ਨਹੀਂ ਪਤਾ। ਉਹ ਸਿਰਫ਼ ਮੁਹੱਬਤ ਵੰਡਣ ਲਈ ਹੀ ਲੋਕਾਂ ਵਿਚ ਗਏ। ਉਨ੍ਹਾਂ ਕਿਹਾ ਕਿ ਪ੍ਰਚਾਰ ਦੌਰਾਨ ਨਾ ਤਾਂ ਮੈਂ ਕੋਈ ਝੂਠ ਬੋਲਿਆ ਅਤੇ ਨਾ ਹੀ ਵੋਟਾਂ ਹਾਸਲ ਕਰਨ ਲਈ ਹੋਰ ਪਾਰਟੀਆਂ ਵਾਂਗ ਜ਼ਹਿਰ ਰੂਪੀ ਸ਼ਰਾਬ ਹੀ ਵੰਡੀ। ਇਸ ਦੇ ਬਾਵਜੂਦ ਚੋਣਾਂ ਵਿਚ ਮਿਲੀ ਹਾਰ ਬਾਰੇ ਪੁੱਛਣ ’ਤੇ ਹੰਸਰਾਜ ਹੰਸ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਆਪਣੇ ਕੰਮਾਂ ਨੂੰ ਲੈ ਕੇ ਜਨਤਾ ਵਿਚ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਭਗ ਸਵਾ ਲੱਖ ਲੋਕਾਂ ਨੇ ਵੋਟ ਪਾਈ ਹੈ, ਜਿਨ੍ਹਾਂ ਦੇ ਉਹ ਧੰਨਵਾਦੀ ਹਨ। ਉਨ੍ਹਾਂ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ। ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਹੰਸਰਾਜ ਹੰਸ ਨੇ ਕਿਹਾ ਕਿ ਉਹ ਇਕ ਬੁਰੇ ਸੁਫ਼ਨੇ ਵਾਂਗ ਸੀ, ਜਿਸ ਨੂੰ ਮੈਂ ਦੋਬਾਰਾ ਯਾਦ ਨਹੀਂ ਕਰਨਾ ਚਾਹੁੰਦਾ। ਹੁਣ ਚੋਣਾਂ ਦਾ ਮੈਚ ਵੀ ਓਵਰ ਹੋ ਗਿਆ ਹੈ ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਮੈਂ ਜ਼ਿੰਦਗੀ ਵਿਚ ਇੰਨੀ ਤਕਲੀਫ਼ ਕਦੀ ਨਹੀਂ ਝੱਲੀ, ਜਿੰਨੀ ਮੈਨੂੰ ਇਸ ਸਮੇਂ ਹੋਈ।

ਹੰਸਰਾਜ ਹੰਸ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਉਮੀਦਵਾਰ ਖ਼ਿਲਾਫ਼ ਅਪਸ਼ਬਦ ਨਹੀਂ ਬੋਲਿਆ। ਕਿਸੇ ਪਰਿਵਾਰ ਦੀ ਬੇਟੀ ਨਾਲ ਜਿਨ੍ਹਾਂ ਲੋਕਾਂ ਨੇ ਬੇਇਨਸਾਫ਼ੀ ਕੀਤੀ, ਉਹ ਉਸ ਖ਼ਿਲਾਫ਼ ਜ਼ਰੂਰ ਖੜ੍ਹੇ ਹੋਏ ਸਨ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਕਮਿਸ਼ਨ ਕੋਲ ਹੰਸਰਾਜ ਦੀ ਸ਼ਿਕਾਇਤ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਮਜੀਠੀਆ ਨੇ ਮੇਰੇ ਖ਼ਿਲਾਫ਼ 3-4 ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਸਨ। ਮੈਂ ਅਕਾਲੀ ਦਲ ਨੂੰ ਆਪਣੀ ਜ਼ਿੰਦਗੀ ਦੇ 10-12 ਸਾਲ ਮੁਫ਼ਤ ਦਿੱਤੇ ਹਨ। ਇਸ ਦੇ ਬਦਲੇ ਮੈਂ ਕੁਝ ਨਹੀਂ ਲਿਆ। ਜੇਕਰ ਅਜਿਹੇ ਲੋਕ ਇਸ ਤਰ੍ਹਾਂ ਦੇ ਕੰਮ ਕਰਨਗੇ ਤਾਂ ਇਹ ਠੀਕ ਨਹੀਂ ਹੈ।

ਹੰਸਰਾਜ ਹੰਸ ਨੇ ਕਿਹਾ ਕਿ ਇਸ ਵਾਰ ਭਾਜਪਾ ਦਾ ਵੋਟ ਸ਼ੇਅਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧਿਆ ਹੈ। ਆਉਣ ਵਾਲੇ ਸਮੇਂ ਵਿਚ ਭਾਜਪਾ ਮਜ਼ਬੂਤ ਹੋਵੇਗੀ ਅਤੇ 2027 ਵਿਚ ਪੂਰੀ ਮਜ਼ਬੂਤੀ ਨਾਲ ਪੰਜਾਬ ਵਿਚ ਆਪਣੀ ਸਰਕਾਰ ਬਣਾਵੇਗੀ। ਅਕਾਲੀ ਦਲ ਨਾਲ ਜੇਕਰ ਭਾਜਪਾ ਦਾ ਗਠਜੋੜ ਹੁੰਦਾ ਤਾਂ ਉਨ੍ਹਾਂ ਨੂੰ ਪੰਜਾਬ ਵਿਚ 5 ਤੋਂ 6 ਸੀਟਾਂ ਮਿਲ ਸਕਦੀਆਂ ਸਨ, ਇਸ ’ਤੇ ਹੰਸ ਨੇ ਕਿਹਾ ਕਿ ਗਠਜੋੜ ਨਾ ਹੋਣ ’ਤੇ ਦੋਵਾਂ ਦਾ ਨੁਕਸਾਨ ਤਾਂ ਹੋਇਆ ਹੀ ਹੈ। ਇਸ ’ਤੇ ਪਾਰਟੀ ਵੱਲੋਂ ਚਿੰਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਫਰੀਦਕੋਟ ਵਾਸੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿਣਗੇ। ਉਹ ਜਦੋਂ ਵੀ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਉਥੇ ਜ਼ਰੂਰ ਜਾਣਗੇ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨਰਿੰਦਰ ਭਾਈ ਮੋਦੀ ਹੈਟ੍ਰਿਕ ਬਣਾਉਂਦੇ ਹੋਏ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ।

Add a Comment

Your email address will not be published. Required fields are marked *