ਅਮਰੀਕਾ ‘ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ ‘ਤੇ SGPC ਦਾ ਤਿੱਖਾ ਪ੍ਰਤੀਕਰਮ

ਅੰਮ੍ਰਿਤਸਰ- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਵੇਂ ਵਿਵਾਦ ‘ਚ ਘਿਰ ਗਏ ਹਨ। ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਟਿੱਪਣੀ ਕੀਤੀ ਜਿਸ ਮਗਰੋਂ ਉਹ ਸਿਆਸੀ ਵਿਰੋਧੀਆਂ ਅਤੇ ਖ਼ਾਸ ਕਰਨ ਸ਼੍ਰੋਮਣੀ ਕਮੇਟੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਜੋ ਭਾਰਤ ਜੋੜੋ ਯਾਤਰਾ ਕੀਤੀ ਹੈ, ਉਹ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਯਾਤਰਾ ਦੀ ਤੁਲਨਾ ‘ਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਮੱਕਾ, ਸਾਊਦੀ ਅਰਬ, ਥਾਈਲੈਂਡ ਤੇ ਸ੍ਰੀ ਲੰਕਾ ਵੀ ਗਏ ਸਨ। ਉਨ੍ਹਾਂ ਕਿਹਾ ਕਿ ਇਹ ਮਹਾਪੁਰਸ਼ ਸਾਡੇ ਜਨਮ ਤੋਂ ਪਹਿਲਾਂ ਹੀ ਭਾਰਤ ਜੋੜੋ ਯਾਤਰਾ ਕਰ ਚੁੱਕੇ ਹਨ।

ਇਸ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸ਼ੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਅਮਰੀਕਾ ‘ਚ ਭਾਸ਼ਣ ਦਿੱਤਾ ਹੈ, ਜਿਸ ‘ਚ ਉਸ ਨੇ ਕਿਹਾ ਕਿ ਮੈਂ ਇਕ ਭਾਰਤ ਜੋੜੋ ਯਾਤਰਾ ਕੀਤੀ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵਾਂਗ ਸੀ। ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਸ਼ਰਮ ਆ ਰਹੀ ਹੈ ਕਿ ਮੈਂ ਰਾਹੁਲ ਗਾਂਧੀ ਦੀ ਗੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋੜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੰਦਬੁੱਧੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਤਾਂ ਸੰਗਤ ‘ਚ ਜਾਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ‘ਚ ਲੋਕਾਂ ਨੂੰ ਆਪਸ ‘ਚ ਜੋੜਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਸੁਧਾਰਨ ਲਈ ਉਦਾਸੀਆਂ ਕੀਤੀਆਂ ਸੀ। ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਬੋਲ ਰਿਹਾ ਹੈ ਕਿ ਉਸ ਨੇ ਜੋ ਭਾਰਤ ਜੋੜੋ ਯਾਤਰਾ ਕੀਤੀ ਹੈ, ਉਹ ਗੁਰੂ ਜੀ ਯਾਤਰਾ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਰਾਹੁਲ ਨੇ ਇਹ ਯਾਤਰਾ ਕੋਈ ਸਮਾਜ ਲਈ ਨਹੀਂ ਸੀ ਸਗੋਂ ਇਹ ਸਿਰਫ਼ ਚੋਣਾ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਜੋ ਉਸ ਨੇ ਭਾਸ਼ਣ ਦਿੱਤਾ ਹੈ, ਸ਼ੋਮਣੀ ਕਮੇਟੀ ਇਸ ਗੱਲ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਚਾਹੁੰਦੇ ਹਾਂ ਸਿੱਖ ਸੰਗਤ ਆਉਣ ਵਾਲੇ ਸਮੇਂ ‘ਚ ਇਸ ਗੱਲ ਦਾ ਜਵਾਬ ਜ਼ਰੂਰ ਮੰਗੇ।

Add a Comment

Your email address will not be published. Required fields are marked *