ਟੇਕ ਆਫ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਫਸਿਆ ਵਿਅਕਤੀ

ਐਮਸਟਰਡਮ– ਨੀਦਰਲੈਂਡ ਦੇ ਐਮਸਟਰਡਮ ਦੇ ਸ਼ਿਫੋਲ ਏਅਰਪੋਰਟ ‘ਤੇ ਇਕ ਵੱਡਾ ਹਾਦਸਾ ਵਾਪਰਿਆ। ਦਰਅਸਲ ਏਅਰਪੋਰਟ ‘ਤੇ ਰਵਾਨਗੀ ਲਈ ਤਿਆਰ ਜਹਾਜ਼ ਦੇ ਇੰਜਣ ‘ਚ ਇਕ ਵਿਅਕਤੀ ਫਸ ਗਿਆ। ਇੰਜਣ ਵਿੱਚ ਫਸਣ ਨਾਲ ਵਿਅਕਤੀ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਕੇ.ਐੱਲ.ਐੱਮ ਫਲਾਈਟ ਡੈਨਮਾਰਕ ਦੇ ਬਿਲੰਡ ਲਈ ਰਵਾਨਾ ਹੋਣ ਲਈ ਤਿਆਰ ਸੀ, ਜਦੋਂ ਇਹ ਹਾਦਸਾ ਵਾਪਰਿਆ।

ਡੱਚ ਪ੍ਰਮੁੱਖ ਕੈਰੀਅਰ ਕੇਐਲਐਮ ਨੇ ਕਿਹਾ ਕਿ ਇਹ ਘਟਨਾ ਅੱਜ ਸ਼ਿਫੋਲ ਵਿਖੇ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਚੱਲਦੇ ਜਹਾਜ਼ ਦੇ ਇੰਜਣ ਵਿੱਚ ਫਸ ਗਿਆ। ਉਸਨੇ ਅੱਗੇ ਕਿਹਾ, “ਬਦਕਿਸਮਤੀ ਨਾਲ ਆਦਮੀ ਦੀ ਮੌਤ ਹੋ ਗਈ।” ਹਾਲਾਂਕਿ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਨਹੀਂ ਦੱਸੀ। ਨੀਦਰਲੈਂਡ ਦੇ ਸਭ ਤੋਂ ਵੱਡੇ ਹਵਾਈ ਅੱਡੇ ‘ਤੇ ਸੁਰੱਖਿਆ ਲਈ ਡੱਚ ਬਾਰਡਰ ਪੁਲਸ ਜ਼ਿੰਮੇਵਾਰ ਹੈ। ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਉਤਾਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਮੀਡੀਆ ਅਨੁਸਾਰ ਏਅਰਕ੍ਰਾਫਟ ਇੱਕ ਛੋਟੀ ਦੂਰੀ ਵਾਲਾ ਐਂਬਰੇਅਰ ਜੈੱਟ ਹੈ, ਜੋ ਕੇ.ਐਲ.ਐਮ ਦੀ ਸਿਟੀਹੋਪਰ ਸੇਵਾ ਦੁਆਰਾ ਵਰਤਿਆ ਜਾਂਦਾ ਹੈ ਜੋ ਮੁੱਖ ਤੌਰ ‘ਤੇ ਲੰਡਨ ਅਤੇ ਹੋਰ ਨੇੜਲੇ ਸਥਾਨਾਂ ਲਈ ਉਡਾਣਾਂ ਦਾ ਸੰਚਾਲਨ ਕਰਦਾ ਹੈ। KLM ਏਅਰਲਾਈਨ ਦਾ ਇਹ ਜਹਾਜ਼ Embraer ERJ-190 ਸੀ, ਜੋ ਕਿ ਦੋ-ਇੰਜਣ ਵਾਲਾ ਜੈੱਟ ਸੀ। ਏਅਰਲਾਈਨ ਮੁਤਾਬਕ ਇਸ ਜੈੱਟ ‘ਤੇ 100 ਲੋਕ ਸਵਾਰ ਹੋ ਸਕਦੇ ਹਨ। ਇਸਨੂੰ ਸਿਟੀਹੋਪਰ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਹ ਯੂਰਪ ਦੇ ਅੰਦਰ ਛੋਟੀਆਂ ਉਡਾਣਾਂ ਲਈ ਵਰਤਿਆ ਜਾਂਦਾ ਹੈ। ਘਟਨਾ ਦੀ ਇੱਕ ਫੋਟੋ ਵਿੱਚ ਜਹਾਜ਼ ਦੇ ਆਲੇ ਦੁਆਲੇ ਕਈ ਫਾਇਰ ਟਰੱਕ ਦਿਖਾਈ ਦਿੱਤੇ। ਤੁਹਾਨੂੰ ਦੱਸ ਦਈਏ ਕਿ ਸ਼ਿਫੋਲ ‘ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਹਨ ਅਤੇ ਇੱਥੇ ਹਾਦਸੇ ਨਾਂਮਾਤਰ ਹਨ।

Add a Comment

Your email address will not be published. Required fields are marked *