ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਮਸ਼ਕੂਕ ਵੱਲੋਂ ਬੇਕਸੂਰ ਹੋਣ ਸਬੰਧੀ ਪਟੀਸ਼ਨ ਦਾਇਰ

ਸਾਂ ਫਰਾਂਸਿਸਕੋ, 15 ਅਕਤੂਬਰ

ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਮਸ਼ਕੂਕ ਨੇ ਬੇਕਸੂਰ ਹੋਣ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਜੀਸਸ ਸਲਗਾਡੋ, ਜੋ ਪੀੜਤ ਸਿੱਖ ਪਰਿਵਾਰ ਦੀ ਟਰੱਕ ਕੰਪਨੀ ਵਿੱਚ ਸਾਬਕਾ ਮੁਲਾਜ਼ਮ ਸੀ, ਨੇ ਅੱਠ ਮਹੀਨੇ ਦੀ ਆਰੂਹੀ ਢੇਰੀ, ਉਸ ਦੀ ਮਾਤਾ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਤਾਇਆ ਅਮਨਦੀਪ ਸਿੰਘ (39) ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਸੀਐੱਨਐੱਨ ਦੀ ਰਿਪੋਰਟ ਅਨੁਸਾਰ ਸਲਗਾਡੋ ਨੇ ਵੀਰਵਾਰ ਨੂੰ ਬੇਕਸੂਰ ਹੋਣ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੂੰ 6 ਅਕਤੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪਰ ਇਸ ਦੌਰਾਨ ਉਸ ਨੂੰ ਵਕੀਲ ਲੱਭਣ ਲਈ ਹੋਰ ਸਮਾਂ ਦਿੱਤਾ ਗਿਆ। ਇਸ ਮਗਰੋਂ ਵੀਰਵਾਰ ਨੂੰ ਜਦੋਂ ਉਸ ਨੇ ਜੱਜ ਨੂੰ ਦੱਸਿਆ ਕਿ ਉਸ ਨੂੰ ਹਾਲੇ ਵੀ ਵਕੀਲ ਨਹੀਂ ਲੱਭਿਆ ਤਾਂ ਉਸ ਲਈ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦੇ ਸਕੇ ਸਬੰਧੀਆਂ ਨੇ ਦੱਸਿਆ ਕਿ ਉਹ ਹਫਤੇ ਦੇ ਅੰਤ ਵਿੱਚ ਸਸਕਾਰ ਕਰਨ ਦੀ ਯੋਜਨਾ ਬਣਾ ਰਹੇ ਹਨ।

Add a Comment

Your email address will not be published. Required fields are marked *