ਪੁੱਤ ਦੀ ਦੂਜੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਉਸ ਕਾਲੇ ਦਿਨ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ ਬੇਸ਼ੱਕ ਮੈਂ ਆਪਣੇ ਪੁੱਤ ਨੂੰ ਸਰੀਰਕ ਤੌਰ ‘ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ 2 ਸਾਲਾਂ ਤੋਂ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਲਈ ਅੱਜ ਦਾ ਦਿਨ ਬੜਾ ਔਖਾ ਹੈ।

ਚਰਨ ਕੌਰ ਨੇ ਇੰਸਟਾਗ੍ਰਾਮ ‘ਤੇ ਲਿਖਿਆ ,”ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ। ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਨਾਂ ਨੇ ਮੇਰੀ ਕੁੱਖ ‘ਚੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖ਼ੁਦ ਉਮੀਦ ਨੂੰ ਵੀ ਨਹੀਂ ਸੀ। ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ਼ ਸੀ, ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ। ਬੇਟਾ ਮੈਂ ਤੇ ਤੁਹਾਡੇ ਬਾਪੂ ਜੀ, ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿਚ ਬਰਕਰਾਰ ਰੱਖਾਂਗੇ। ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ‘ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਨ੍ਹਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ। ਅੱਜ ਦਾ ਦਿਨ ਬੜਾ ਔਖਾ ਪੁੱਤ।”

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਿੱਧੂ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ। ਪਰ ਇਸ ਵਾਰ ਅਜਿਹਾ ਕੋਈ ਸਮਾਗਮ ਨਹੀਂ ਕਰਵਾਇਆ ਜਾਵੇਗਾ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇਸ ਵਾਰ ਬਰਸੀ ਸਮਾਗਮ ਸਿਰਫ਼ ਪਰਿਵਾਰ ਤਕ ਹੀ ਸੀਮਤ ਰਹਿਣਗੇ ਤੇ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ। 

Add a Comment

Your email address will not be published. Required fields are marked *