ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਤਰਾਜ਼ਯੋਗ ਵੀਡੀਓਜ਼ ਨੂੰ ਲੈ ਕੇ ਰੋਹ ਭੜਕਿਆ

ਮੁਹਾਲੀ, 18 ਸਤੰਬਰ-: ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇਕ ਹੋਸਟਲ ਵਿੱਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ’ਤੇ ਰੋਹ ਭੜਕ ਗਿਆ। ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਵਿੱਚ ਰਹਿਣ ਵਾਲੀ ਇਕ ਲੜਕੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ।

ਹੋਸਟਲ ਦੇ ਬਾਥਰੂਮ ਵਿੱਚ ਕੁੜੀਆਂ ਦੀ ਭੇਤਭਰੇ ਢੰਗ ਨਾਲ ਕੁਝ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਆਨਲਾਈਨ ਵਾਇਰਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਹ ਰੋਹ ਭੜਕਿਆ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਯੂਨੀਵਰਸਿਟੀ ਦੇ ਕੁੜੀਆਂ ਦੇ ਇਕ ਹੋਸਟਲ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ। ਉੱਧਰ, ਵਾਰਡਨ ਨੇ ਕਿਹਾ ਕਿ ਉਨ੍ਹਾਂ ਹੋਸਟਲ ਦੀਆਂ ਕੁੜੀਆਂ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਮਾਮਲੇ ਦੀ ਪੜਤਾਲ ਕੀਤੀ ਪਰ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ। ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਝ ਲੜਕੀਆਂ ਬੇਹੋਸ਼ ਜ਼ਰੂਰ ਹੋਈਆਂ ਸਨ। ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਵਾਪਸ ਕੈਂਪਸ ਭੇਜ ਦਿੱਤਾ ਗਿਆ। ਘਟਨਾ ਸਬੰਧੀ ਸਾਰੇ ਵੇਰਵੇ ਪੁਲੀਸ ਨੂੰ ਦੇ ਦਿੱਤੇ ਗਏ ਹਨ।

Add a Comment

Your email address will not be published. Required fields are marked *