ਇਪਸਾ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਆਯੋਜਿਤ

ਬ੍ਰਿਸਬੇਨ : ਬ੍ਰਿਸਬੇਨ ਵਿਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਿਰਮੌਰ ਸਾਹਿਤਿਕ ਹਸਤੀ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਵਿਸ਼ੇਸ਼ ਰੂਪ ਵਿਚ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਵਾਈਸ ਪ੍ਰਧਾਨ ਅਤੇ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਡਾ. ਸੁਰਜੀਤ ਪਾਤਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ, ਉਨ੍ਹਾਂ ਦੇ ਸੁਭਾਅ ਅਤੇ ਸਲੀਕੇ ਵਿਚਲੀ ਨਿਮਰਤਾ ਬਾਰੇ ਕਈ ਗੱਲ੍ਹਾਂ ਪੇਸ਼ ਕੀਤੀਆਂ। 

ਇਸ ਤੋਂ ਬਾਅਦ ਰਾਜਦੀਪ ਲਾਲੀ ਨੇ ਪਾਤਰ ਸਾਬ ਦੇ ਗੀਤ ਕੁਝ ਕਿਹਾ ਤਾਂ ਹਨੇਰਾ ਸੁਣਾ ਕੇ ਅੱਖਾਂ ਨਮ ਕਰ ਦਿੱਤੀਆਂ। ਚੇਤਨਾ ਗਿੱਲ ਨੇ ਪਾਤਰ ਸਾਬ ਨਾਲ ਆਪਣੀ ਮਿਲਣੀ ਅਤੇ ਉਨ੍ਹਾਂ ਦੀ ਰਚਨਾ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੀ.ਏ.ਯੂ ਤੋਂ ਜਤਿੰਦਰ ਸ਼ਰਮਾ ਜੀ ਨੇ ਪਾਤਰ ਸਾਬ ਨਾਲ ਬਿਤਾਏ ਪਹਿਲੇ ਦੌਰ ਦੇ ਪਲ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜੋਤੀ ਬੈਂਸ ਅਤੇ ਬਲਦੇਵ ਨਿੱਜਰ ਵੱਲੋਂ ਪਾਤਰ ਸਾਬ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਦੱਸਿਆ ਗਿਆ। ਗੀਤਕਾਰ ਨਿਰਮਲ ਦਿਓਲ ਨੇ ਪਾਤਰ ਸਾਬ ਦੀ ਉੱਚ ਪਾਏ ਦੀ ਸ਼ਾਇਰੀ ਅਤੇ ਉਨ੍ਹਾਂ ਦੇ ਸਹਿਜਵਾਨ ਸੁਭਾਅ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਦਲਵੀਰ ਹਲਵਾਰਵੀ ਅਤੇ ਰੁਪਿੰਦਰ ਸੋਜ਼ ਨੇ ਜਿੱਥੇ ਉਨ੍ਹਾਂ ਦੀ ਸ਼ਾਇਰੀ ਬੋਲਦਿਆਂ ਉਨ੍ਹਾਂ ਨੂੰ ਯਾਦ ਕੀਤਾ, ਉੱਥੇ ਉਨ੍ਹਾਂ ਦੀ ਸ਼ਖਸ਼ੀਅਤ ਬਾਰੇ ਬਹੁਤ ਵਿਸ਼ੇਸ ਨੁਕਤਿਆਂ ਨੂੰ ਬਿਆਨ ਕੀਤਾ।

ਸਮਾਗਮ ਦੇ ਅੰਤਲੇ ਦੌਰ ਵਿਚ ਸਰਬਜੀਤ ਗੁਰਾਇਆ ਨੇ ਪਾਤਰ ਸਾਬ ਆਸਟ੍ਰੇਲੀਆ ਫੇਰੀਆਂ ਦੌਰਾਨ ਬਿਤਾਏ ਪਲ ਅਤੇ ਉਨ੍ਹਾਂ ਦੇ ਵਿਅੰਗਮਈ ਸੁਭਾਅ ਅਤੇ ਹਾਜ਼ਰ ਜਵਾਬੀ ਬਾਰੇ ਕਈ ਵਾਕਿਆਤ ਸਾਂਝੇ ਕੀਤੇ। ਸਰਬਜੀਤ ਗੋਰਾਇਆ ਨੇ ਪਾਤਰ ਸਾਬ ਦੀ ਰਚਨਾ ਕੋਈ ਡਾਲ਼ੀਆਂ ਚੋਂ ਲੰਘਿਆ ਹਵਾ ਬਣ ਕੇ ਨਾਲ ਮਾਹੌਲ ਭਾਵੁਕ ਬਣਾ ਦਿੱਤਾ। ਅੰਤ ਵਿਚ ਸੁਖਵਿੰਦਰ ਅੰਮ੍ਰਿਤ ਨੇ ਸੇਜਲ ਅੱਖਾਂ ਨਾਲ ਆਪਣੀ ਰਚਨਾ ਮੁਰਸ਼ਿਦਨਾਮਾ ਨਾਲ ਆਪਣੇ ਉਸਤਾਦ ਸ਼ਾਇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕੁਝ ਖ਼ਾਸ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਇਪਸਾ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਬ੍ਰਿਸਬੇਨ ਵਿਖੇ ਡਾ. ਸੁਰਜੀਤ ਪਾਤਰ ਜੀ ਦਾ ਪੋਰਟਰੇਟ ਲਾਉਣ ਦੀ ਰਸਮ ਨੂੰ ਸੁਖਵਿੰਦਰ ਅੰਮ੍ਰਿਤ ਜੀ ਨੇ ਆਪਣੇ ਕਰ ਕਮਲਾਂ ਨਾਲ ਪੂਰਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਮਾਹਲ, ਪਾਲ ਰਾਊਕੇ, ਬਿਕਰਮਜੀਤ ਸਿੰਘ ਚੰਦੀ, ਜਸਪਾਲ ਸੰਘੇੜਾ, ਪਰਮਜੀਤ ਗੋਰਾਇਆ, ਜਰਨੈਲ ਸਿੰਘ ਬਾਸੀ, ਜੋਗਿੰਦਰ ਸਿੰਘ ਰਾਊਕੇ, ਗੁਰਜੀਤ ਉੱਪਲ਼, ਸਤਵਿੰਦਰ ਟੀਨੂੰ ਅਤੇ ਪੁਸ਼ਪਿੰਦਰ ਤੂਰ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

Add a Comment

Your email address will not be published. Required fields are marked *