ਜਲੰਧਰ ਆਏ PM ਮੋਦੀ ਨੇ ਕੀਤੇ ਅਹਿਮ ਐਲਾਨ

ਜਲੰਧਰ – ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ’ਚ ਪੰਜਾਬ ’ਚ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਦੀ ਪੀ.ਏ.ਪੀ. ਗਰਾਊਂਡ ’ਚ ਭਾਜਪਾ ਵੱਲੋਂ ਕਰਵਾਈ ਗਈ ‘ਫਤਿਹ’ ਰੈਲੀ ’ਚ ਭਾਰੀ ਗਿਣਤੀ ’ਚ ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ।

ਮੋਦੀ ਨੇ ਕਿਹਾ ਕਿ ਤੁਸੀਂ ਜਲੰਧਰ ’ਚ 100 ਲੋਕਾਂ ਕੋਲੋਂ ਪੁੱਛ ਲਓ ਕਿ ਇਸ ਵਾਰ ਕਿਸ ਦੀ ਸਰਕਾਰ ਬਣੇਗੀ ਤਾਂ 100 ’ਚੋਂ 90 ਲੋਕ ਕਹਿਣਗੇ ਕਿ ਇਕ ਵਾਰ ਫਿਰ ਮੋਦੀ ਸਰਕਾਰ, ਜੇਕਰ ਪਰਮਾਤਮਾ ਰੂਪੀ ਜਨਤਾ ਨੇ ਮੋਦੀ ਦੀ ਸਰਕਾਰ ਬਣਾਉਣ ਦਾ ਤਹੱਈਆ ਕਰ ਲਿਆ ਹੈ ਤਾਂ ਕਿਸੇ ਦੂਜੀ ਪਾਰਟੀ ਨੂੰ ਵੋਟ ਪਾ ਕੇ ਕੌਣ ਆਪਣੀ ਵੋਟ ਬਰਬਾਦ ਕਰੇਗਾ। ਇਸ ਤੋਂ ਪਹਿਲਾਂ ਮੋਦੀ ਨੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ’ਚ ਉਨ੍ਹਾਂ ਮੰਦਰ, ਗੁਰਦੁਆਰਿਆਂ ਤੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਡੇਰੇ ਦੀ ਸੰਤ ਪ੍ਰੰਪਰਾ ਨੂੰ ਨਮਸਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਕੋਰੋਨਾ ਕਾਲ ’ਚ ਸੇਵਾ ਦੀ ਮਿਸਾਲ ਪੇਸ਼ ਕੀਤੀ।

ਇਸ ਦੌਰਾਨ ਉਨ੍ਹਾਂ ਕਈ ਅਹਿਮ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸੰਕਲਪ ਹੈ ਕਿ ਪੰਜਾਬ ’ਚ ਇੰਡਸਟਰੀ ਨੂੰ ਹੁਲਾਰਾ ਮਿਲੇ। ਸਾਡੀ ਸਰਕਾਰ ਨੇ ਆਦਮਪੁਰ ਏਅਰਪੋਰਟ ਬਣਵਾਇਆ। ਹੁਣ ਇਥੋਂ ਵੱਧ ਤੋਂ ਵੱਧ ਉਡਾਣਾਂ ਚਲਾਉਣ ’ਤੇ ਕੰਮ ਕਰ ਰਹੇ ਹਾਂ। ‘ਵੰਦੇ ਭਾਰਤ’ ਟਰੇਨ ਚਲਾਈ ਗਈ, ਰੇਲਵੇ ਸਟੇਸ਼ਨਾਂ ਦਾ ਕਾਇਆ-ਕਲਪ ਕੀਤਾ ਗਿਆ। ਦਿੱਲੀ-ਕਟੜਾ ਹਾਈਵੇ ਦਾ ਨਿਰਮਾਣ ਸ਼ੁਰੂ ਕਰਵਾਇਆ। 

ਇਸ ਤੋਂ ਬਾਅਦ ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਲਈ ਵੀ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ‘ਚ ਭਾਜਪਾ ਸਰਕਾਰ ਬਣਨ ਤੋਂ ਬਾਅਦ 70 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦਾ ਇਲਾਜ ਵੀ ਮੁਫਤ ਕਰਵਾਇਆ ਜਾਵੇਗਾ, ਇਹ ਮੋਦੀ ਦੀ ਗਾਰੰਟੀ ਹੈ। ਇਸ ਤੋਂ ਬਾਅਦ ਉਨ੍ਹਾਂ ਜਲੰਧਰ ਤੋਂ ਸੁਸ਼ੀਲ ਰਿੰਕੂ ਤੇ ਹੋਰਨਾਂ ਲੋਕ ਸਭਾ ਹਲਕਿਆਂ ਤੋਂ ਭਾਜਪਾ ਉਮੀਦਵਾਰਾਂ ਨੂੰ ਵੀ ਜਿਤਾਉਣ ਦੀ ਅਪੀਲ ਕੀਤੀ।

Add a Comment

Your email address will not be published. Required fields are marked *