ਗੁਆਂਢੀਆਂ ਨੂੰ ਫਸਾਉਣ ਲਈ ਨਿਹੰਗ ਸਿੰਘ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

ਗੁਰਦਾਸਪੁਰ : ਪੰਜਾਬ ‘ਚ ਬੇਅਦਬੀ ਦੀ ਘਟਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨਿਹੰਗ ਸਿੰਘ ਦੇ ਬਾਣੇ ‘ਚ ਇਕ ਵਿਅਕਤੀ ਵੱਲੋਂ ਕਿਸੇ ਨਾਲ ਕਿੜ ਕੱਢਣ ਲਈ ਆਪਣੇ ਘਰ ‘ਚ ਪਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਥੇ ਹੀ ਇਸ ਮਾਮਲੇ ‘ਚ ਪੁਲਸ ਥਾਣਾ ਇੰਚਾਰਜ ਐੱਸਐੱਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਕਰਮ ਸਿੰਘ ਵਾਸੀ ਕੋਕਲੀ ਮਹੱਲਾ ਸ੍ਰੀ ਹਰਗੋਬਿੰਦਪੁਰ ਦਾ ਗੁਆਂਢੀਆਂ ਨਾਲ ਝਗੜਾ ਹੋਇਆ ਸੀ। ਉਸ ਨੇ ਖੁਦ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਨ੍ਹਾਂ ਫਸਾਉਣ ਲਈ ਇਹ ਕਹਾਣੀ ਬਣਾਈ ਸੀ। ਪੁਲਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਉਥੇ ਹੀ ਜਦ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਖੁਦ ਮੁਲਜ਼ਮ ਨੇ ਸਤਿਕਾਰ ਕਮੇਟੀ ਨੂੰ ਗੁਰਦੁਆਰਾ ਦਮਦਮਾ ਸਾਹਿਬ ਜਾ ਕੇ ਫੋਨ ਕੀਤਾ ਕਿ ਉਸ ਦੇ ਘਰ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਉਸ ਦੇ ਘਰ ‘ਚ ਪਏ ਗੁਟਕਾ ਸਾਹਿਬ ਦੇ ਅੰਗ ਪਾੜੇ ਹਨ। ਸਤਿਕਾਰ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੇ ਘਟਨਾ ਦਾ ਮੌਕਾ ਦੇਖ ਕੇ ਪੁੱਛਗਿੱਛ ਕੀਤੀ ਤਾਂ ਨਿਹੰਗ ਬਾਣੇ ‘ਚ ਕਰਮ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਕਿਹਾ ਕਿ ਕੁਝ ਵਿਅਕਤੀਆਂ ਨਾਲ ਮੇਰੀ ਲਾਗਤਬਾਜ਼ੀ ਸੀ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਉਥੇ ਹੀ ਸਿੱਖ ਧਾਰਮਿਕ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਸ ਦੇ ਕੱਚੇ ਘਰ ਦੀ ਭੰਨਤੋੜ ਵੀ ਕੀਤੀ ਗਈ ਅਤੇ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ। ਇਸ ਪੂਰੇ ਮਾਮਲੇ ‘ਤੇ ਪੁਲਸ ਥਾਣਾ ਹਰਗੋਬਿੰਦਪੁਰ ਦੀ ਇੰਚਾਰਜ ਐੱਸਐੱਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਕਰਮ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਕੋਕਲੀ ਮਹੱਲਾ ਸ੍ਰੀ ਹਰਗੋਬਿੰਦਪੁਰ ਖ਼ਿਲਾਫ਼ 295-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *