ਮੀਂਹ ਨੇ ਹੈਦਰਾਬਾਦ ਨੂੰ ਦਿਵਾਈ ਪਲੇਆਫ਼ ਦੀ ‘ਟਿਕਟ’

ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਲਗਾਤਾਰ ਬਾਰਿਸ਼ ਹੋਣ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣ ਵਾਲਾ ਮੁਕਾਬਲਾ ਬਿਨਾਂ ਕੋਈ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੋਵਾਂ ਟੀਮਾਂ ਨੂੰ 1-1 ਅੰਕ ਦੇ ਦਿੱਤਾ ਗਿਆ ਹੈ, ਜਿਸ ਕਾਰਨ ਹੈਦਰਾਬਾਦ ਨੇ ਵੀ ਹੁਣ ਪਲੇਆਫ਼ ਦੀ ਟਿਕਟ ਹਾਸਲ ਕਰ ਲਈ ਹੈ। 

ਪਲੇਆਫ਼ ‘ਚ ਐਂਟਰੀ ਕਰਨ ਵਾਲੀ ਹੈਦਰਾਬਾਦ ਤੀਜੀ ਟੀਮ ਬਣ ਗਈ ਹੈ, ਜਦਕਿ ਗੁਜਰਾਤ ਪਹਿਲਾਂ ਹੀ ਪਲੇਆਫ਼ ਦੀ ਰੇਸ ‘ਚੋਂ ਬਾਹਰ ਹੋ ਚੁੱਕੀ ਹੈ। ਹੁਣ ਹੈਦਰਾਬਾਦ ਦੂਜੇ, ਤੀਜੇ ਜਾਂ ਚੌਥੇ ਸਥਾਨ ‘ਤੇ ਰਹਿ ਕੇ ਪਲੇਆਫ਼ ਖੇਡਦੀ ਹੈ, ਇਸ ਗੱਲ ਦਾ ਫ਼ੈਸਲਾ ਹੈਦਰਾਬਾਦ, ਰਾਜਸਥਾਨ, ਚੇਨਈ ਤੇ ਬੈਂਗਲੁਰੂ ਦੇ ਅਗਲੇ ਮੁਕਾਬਲਿਆਂ ਦੇ ਨਤੀਜੇ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। 

ਇਸ ਮੁਕਾਬਲੇ ਦੇ ਰੱਦ ਹੋਣ ‘ਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ ਹੈ, ਜਿਸ ਨਾਲ ਹੈਦਰਾਬਾਦ ਦਾ ਪਲੇਆਫ਼ ਖੇਡਣਾ ਤੈਅ ਹੋ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ (18), ਰਾਜਸਥਾਨ ਰਾਇਲਜ਼ (16), ਤੋਂ ਬਾਅਦ ਸਨਰਾਈਜ਼ਰਜ਼ ਹੈਦਰਬਾਦ (15) ਪਲੇਆਫ਼ ‘ਚ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਹੁਣ ਪਲੇਆਫ਼ ‘ਚ ਪਹੁੰਚਣ ਵਾਲੀ ਚੌਥੀ ਟੀਮ ਦਾ ਫ਼ੈਸਲਾ ਚੇਨਈ ਸੁਪਰ ਕਿੰਗਜ਼ (14) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (12) ਵਿਚਾਲੇ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਹੀ ਹੋ ਸਕੇਗਾ। ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼, ਦਿੱਲੀ ਕੈਪੀਟਲਸ, ਗੁਜਰਾਤ ਟਾਈਟਨਸ ਤੇ ਲਖਨਊ ਸੁਪਰਜਾਇੰਟਸ ਪਲੇਆਫ਼ ਦੀ ਰੇਸ ‘ਚੋਂ ਬਾਹਰ ਹੋ ਗਏ ਹਨ। 

Add a Comment

Your email address will not be published. Required fields are marked *